ਮਿਰਾਨਾ ਦੀ ਟੀਮ ਨੇ ਜਿੱਤਿਆ ਕ੍ਰਿਕਟ ਟੂਰਨਾਮੈਂਟ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 11 ਜਨਵਰੀ
ਡਾ. ਭੀਮ ਰਾਓ ਅੰਬੇਡਕਰ ਸਪੋਰਟਸ ਕਲੱਬ ਮਿਰਾਨਾ ਦੀ ਅਗਵਾਈ ਹੇਠ ਕਰਵਾਏ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਮੇਜ਼ਬਾਨ ਮਿਰਾਨਾ ਅਤੇ ਰਤੀਆ ਮੁੰਡੀ ਵਿਚਕਾਰ ਹੋਇਆ। ਇਸ ਵਿੱਚ ਮਿਰਾਨਾ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਟਰਾਫੀ ’ਤੇ ਕਬਜ਼ਾ ਕੀਤਾ। ਜੇਤੂ ਟੀਮ ਨੂੰ ਟਰਾਫੀ ਤੋਂ ਇਲਾਵਾ 11,000 ਰੁਪਏ ਦੇ ਨਗਦ ਪ੍ਰਦਾਨ ਕੀਤਾ ਗਿਆ। ਦੂਜੇ ਸਥਾਨ ’ਤੇ ਆਉਣ ਵਾਲੀ ਟੀਮ ਨੂੰ 6100 ਰੁਪਏ ਅਤੇ ਟਰਾਫੀ ਪ੍ਰਦਾਨ ਕੀਤੀ ਗਈ। ਟੂਰਨਾਮੈਂਟ ਵਿਚ ਹਿਊਮਨ ਹੈਲਪਿੰਗ ਹਾਰਟਸ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਅਸ਼ੋਕ ਚੋਪੜਾ, ਜ਼ਿਲ੍ਹਾ ਪਰਿਸ਼ਦ ਮੈਂਬਰ ਵਕੀਲ ਨਥਵਾਨ, ਬਲਾਕ ਸਮਿਤੀ ਮੈਂਬਰ ਅਸ਼ੋਕ ਕੁਮਾਰ ਤੇ ਸਮਾਜ ਸੇਵੀ ਵਿਜੇ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਟੂਰਨਾਮੈਂਟ ਦੀ ਪ੍ਰਧਾਨਗੀ ਪਿੰਡ ਮਿਰਾਨਾ ਦੇ ਸਰਪੰਚ ਪ੍ਰਕਾਸ਼ ਚੰਦ ਨੇ ਕੀਤੀ ਜਦੋਂਕਿ ਪਿੰਡ ਬਲਿਆਲਾ ਦੇ ਸਰਪੰਚ ਪ੍ਰਵੀਨ ਕੁਮਾਰ, ਪੰਚਾਇਤ ਮੈਂਬਰ ਨਿਰਮਲ ਸਿੰਘ, ਜਗਰਾਜ ਸਿੰਘ, ਵੀਰ ਸਿੰਘ ਅਤੇ ਸਤਵੀਰ ਖਾਨ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸ਼ਾਮਲ ਹੋਏ। ਟੂਰਨਾਮੈਂਟ ਦੌਰਾਨ ਵੱਖ-ਵੱਖ ਪਿੰਡਾਂ ਦੀਆਂ ਟੀਮਾਂ ਨੇ ਸ਼ਮੂਲੀਅਤ ਕੀਤੀ। ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ ਵਿੱਚ ਮਿਰਾਨਾ ਨੇ ਹੁਕਮਾਵਾਲੀ ਨੂੰ ਹਰਾਇਆ, ਦੂਜੇ ਸੈਮੀਫਾਈਨਲ ਵਿਚ ਰਤੀਆ ਮੁੰਡੀ ਨੇ ਅਲਾਵਲਵਾਸ ਨੂੰ ਹਰਾਇਆ। ਫਾਈਨਲ ਮੁਕਾਬਲੇ ਵਿੱਚ ਮੇਜ਼ਬਾਨ ਟੀਮ ਦੇ ਖਿਡਾਰੀਆਂ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਜਿੱਤ ਪ੍ਰਾਪਤ ਕੀਤੀ। ਮੁੱਖ ਮਹਿਮਾਨ ਅਸ਼ੋਕ ਚੋਪੜਾ ਅਤੇ ਹੋਰ ਮਹਿਮਾਨਾਂ ਨੇ ਜੇਤੂ ਟੀਮਾਂ ਦਾ ਸਨਮਾਨ ਕੀਤਾ। ਉਨ੍ਹਾਂ ਆਪਣੇ ਸੰਬੋਧਨ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ। ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਮੁੰਨਾ ਰਤੀਆ, ਗੋਰੀ ਮਿਰਾਨਾ ਅਤੇ ਵੀਰੂ ਜਮਾਲਪੁਰ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਆ ਗਿਆ।