ਸੈਕਟਰ-22 ’ਚ ਲਾਈ ਆਰਜ਼ੀ ਸਟੇਜ ਖ਼ਿਲਾਫ਼ ਕਾਰਵਾਈ
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 26 ਦਸੰਬਰ
ਨਗਰ ਨਿਗਮ ਨੇ ਚੰਡੀਗੜ੍ਹ ਦੇ ਸੈਕਟਰ 22-ਡੀ ਦੀ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਤਿਉਹਾਰ ਸਬੰਧੀ ਪਬਲਿਕ ਪਾਰਕਿੰਗ ਵਿੱਚ ਬਣਾਈ ਗਈ ਆਰਜ਼ੀ ਸਟੇਜ ਨੂੰ ਹਟਾ ਦਿੱਤਾ। ਅੱਜ ਸਵੇਰੇ ਨਗਰ ਨਿਗਮ ਦੀ ਟੀਮ ਨੇ ਪਾਰਕਿੰਗ ਵਿੱਚ ਬਣਾਈ ਇਸ ਆਰਜ਼ੀ ਸਟੇਜ ’ਤੇ ਕਾਰਵਾਈ ਕੀਤੀ।
ਨਿਗਮ ਅਨੁਸਾਰ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਨੂੰ ਇੱਥੇ ਪਾਰਕਿੰਗ ਵਿੱਚ ਕਾਰਾਂ ਦੀ ਡਿਸਪਲੇਅ ਲਈ ਬਣਾਈ ਗਈ ਸਟੇਜ ਨੂੰ ਤੁਰੰਤ ਹਟਾਉਣ ਦੀ ਹਦਾਇਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਸਟੇਜ ’ਤੇ ਡਿਸਪਲੇਅ ਕੀਤੀਆਂ ਗਈਆਂ ਨਵੀਆਂ ਕਾਰਾਂ ਨੂੰ ਹਟਾ ਕੇ ਪਾਰਕਿੰਗ ਵਾਲੀ ਜਗ੍ਹਾ ਨੂੰ ਖਾਲ੍ਹੀ ਕਰਵਾ ਦਿੱਤਾ। ਜ਼ਿਕਰਯੋਗ ਹੈ ਕਿ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਸੈਕਟਰ 22 ਡੀ (ਜਵੈਲਰੀ ਮਾਰਕੀਟ) ਨੇ ਜਨਵਰੀ ਤੱਕ ਮਾਰਕੀਟ ਦੀ ਸਜਾਵਟ ਲਈ ਮਨਜ਼ੂਰੀ ਲਈ ਸੀ।
ਐਸੋਸੀਏਸ਼ਨ ’ਤੇ ਦੋਸ਼ ਹੈ ਕਿ ਇਸ ਮਨਜ਼ੂਰੀ ਦੀ ਦੁਰਵਰਤੋਂ ਕਰਕੇ ਇੱਥੇ ਪਬਲਿਕ ਪਾਰਕਿੰਗ ਵਿੱਚ ਕਥਿਤ ਤੌਰ ’ਤੇ ਇੱਕ ਗੈਰ-ਕਾਨੂੰਨੀ ਸਟੇਜ ਬਣਾ ਦਿੱਤੀ ਗਈ। ਇਸ ਸਟੇਜ ’ਤੇ ਬਿਲਕੁਲ ਨਵੀਆਂ ਕਾਰਾਂ ਪਾਰਕ ਕੀਤੀਆਂ ਗਈਆਂ ਸਨ ਅਤੇ ਇਸ ਦੀ ਵਰਤੋਂ ਵਪਾਰਕ ਉਦੇਸ਼ਾਂ ਜਿਵੇਂ ਕਿ ਪ੍ਰਚਾਰ ਅਤੇ ਡਰਾਅ ਲਈ ਕੀਤੀ ਜਾਂਦੀ ਸੀ। ਇਹ ਕਾਰਾਂ ਇੱਥੇ ਮਾਰਕੀਟ ਵਿੱਚ ਖਰੀਦਦਾਰੀ ਕਰਨ ਵਾਲੇ ਆਉਣ ਵਾਲੇ ਗਾਹਕਾਂ ਨੂੰ ਦਿੱਤੀ ਗਏ ਕੂਪਨਾਂ ਵਿੱਚ ਡਰਾਅ ਕੱਢ ਕੇ ਸਪੁਰਦ ਕੀਤੀਆਂ ਜਾਣੀਆਂ ਹਨ। ਨਗਰ ਨਿਗਮ ਦੇ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਜਨਤਕ ਥਾਵਾਂ ਦੀ ਵਰਤੋਂ ਸਿਰਫ਼ ਨਿਰਧਾਰਤ ਉਦੇਸ਼ਾਂ ਲਈ ਹੀ ਕੀਤੀ ਜਾ ਸਕਦੀ ਹੈ।
ਜਨਤਕ ਪਾਰਕਿੰਗ ਨੂੰ ਵਪਾਰਕ ਉਦੇਸ਼ਾਂ ਲਈ ਵਰਤਣਾ ਨਗਰ ਨਿਗਮ ਐਕਟ ਅਤੇ ਜਨਤਕ ਜਾਇਦਾਦ ਨਿਯਮਾਂ ਦੀ ਉਲੰਘਣਾ ਹੈ।
ਨਗਰ ਨਿਗਮ ਦੀ ਟੀਮ ਨੇ ਨਵੀਂ ਸਟੇਜ ਹਟਾ ਦਿੱਤੀ ਹੈ ਪਰ ਸਰਕਾਰੀ ਥਾਂ ’ਤੇ ਨਾਜਾਇਜ਼ ਕਬਜ਼ਾ ਕਰਨ ਅਤੇ ਜਨਤਕ ਪਾਰਕਿੰਗ ਦੀ ਵਪਾਰਕ ਵਰਤੋਂ ਕਰਨ ’ਤੇ ਨਗਰ ਨਿਗਮ ਮਾਰਕੀਟ ਐਸੋਸੀਏਸ਼ਨ ਨੂੰ ਨਿਯਮਾਂ ਤਹਿਤ ਭਾਰੀ ਜੁਰਮਾਨਾ ਲਗਾ ਸਕਦਾ ਹੈ।