ਸੇਵਾਮੁਕਤ ਕਰਮਚਾਰੀਆਂ ਵੱਲੋਂ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਮੁਜ਼ਾਹਰਾ
ਪੱਤਰ ਪ੍ਰੇਰਕ
ਯਮੁਨਾਨਗਰ, 22 ਅਪਰੈਲ
ਆਲ ਇੰਡੀਆ ਸਟੇਟ ਗੌਰਮਿੰਟ ਪੈਨਸ਼ਨਰਜ਼ ਫੈਡਰੇਸ਼ਨ ਦੇ ਬੈਨਰ ਹੇਠ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਸੇਵਾਮੁਕਤ ਕਰਮਚਾਰੀ ਅਨਾਜ ਮੰਡੀ ਵਿੱਚ ਇਕੱਠੇ ਹੋਏ ਅਤੇ ਵਿੱਤ ਐਕਟ-2025 ਬਿੱਲ ਦਾ ਵਿਰੋਧ ਕੀਤਾ । ਯੂਨੀਅਨ ਆਗੂ ਜ਼ਿਲ੍ਹਾ ਹੈੱਡਕੁਆਰਟਰ ਗਏ ਅਤੇ ਪ੍ਰਧਾਨ ਮੰਤਰੀ ਦੇ ਨਾਂ ਸਿਟੀ ਮੈਜਿਸਟ੍ਰੇਟ ਨੂੰ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ। ਪ੍ਰੋਗਰਾਮ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਜੋਤ ਸਿੰਘ ਨੇ ਕੀਤੀ ਅਤੇ ਸਟੇਜ ਸੰਚਾਲਨ ਜ਼ਿਲ੍ਹਾ ਸਕੱਤਰ ਸੋਮਨਾਥ ਨੇ ਕੀਤਾ। ਮੌਕੇ ‘ਤੇ ਮੌਜੂਦ ਸੀਨੀਅਰ ਆਗੂ ਜਰਨੈਲ ਸਿੰਘ ਸਾਂਗਵਾਨ, ਜ਼ਿਲ੍ਹਾ ਇੰਚਾਰਜ ਮਹਾਬੀਰ ਦਹੀਆ ਅਤੇ ਐੱਸਕੇਐੱਸ ਦੇ ਜ਼ਿਲ੍ਹਾ ਸਕੱਤਰ ਗੁਲਸ਼ਨ ਭਾਰਦਵਾਜ ਨੇ ਕਿਹਾ ਕਿ ਇਸ ਬਿੱਲ ਨੇ ਰਾਜ ਅਤੇ ਕੇਂਦਰ ਦੋਵਾਂ ਸਰਕਾਰਾਂ ਦੇ ਲੱਖਾਂ ਸੇਵਾਮੁਕਤ ਲੋਕਾਂ ਵਿੱਚ ਵਿਆਪਕ ਚਿੰਤਾ, ਤਣਾਅ ਅਤੇ ਬੇਚੈਨੀ ਪੈਦਾ ਕਰ ਦਿੱਤੀ ਹੈ । ਉਨ੍ਹਾਂ ਮੁਤਾਬਕ ਇਹ ਬਿਲ ਪੈਨਸ਼ਨ ਸਮਾਨਤਾ ਦੇ ਮੂਲ ਸਿਧਾਂਤਾਂ ਅਤੇ ਪੈਨਸ਼ਨਰਾਂ ਨੂੰ ਦਿੱਤੀ ਗਈ ਸੰਵਿਧਾਨਕ ਸੁਰੱਖਿਆ ਨੂੰ ਖ਼ਤਰਾ ਹੈ ਕਿਉਂਕਿ ਰਾਜ ਸਰਕਾਰਾਂ ਲਈ ਪੈਨਸ਼ਨ ਪ੍ਰਬੰਧ ਅਕਸਰ ਕੇਂਦਰ ਸਰਕਾਰ ਦੇ ਪ੍ਰਬੰਧਾਂ ਨਾਲ ਮੇਲ ਖਾਂਦੇ ਹਨ। ਵਿੱਤ ਐਕਟ- 2025 ਇੱਕ ਖ਼ਤਰਨਾਕ ਬਿਲ ਹੈ ਜਿਸ ਨਾਲ ਸੂਬੇ ਵਿੱਚ ਵੀ ਕਈ ਤਰ੍ਹਾਂ ਦੇ ਵਿਤਕਰੇ ਵਾਲੇ ਉਪਾਅ ਅਪਣਾਏ ਜਾ ਸਕਦੇ ਹਨ, ਇਸ ਨਾਲ ਉਨ੍ਹਾਂ ਸੇਵਾਮੁਕਤ ਲੋਕਾਂ ਦੀ ਵਿੱਤੀ ਸੁਰੱਖਿਆ ਖਤਮ ਹੋ ਸਕਦੀ ਹੈ। ਇਹ ਬਿਲ ਸੁਪਰੀਮ ਕੋਰਟ ਦੇ ਉਸ ਇਤਿਹਾਸਕ ਫੈਸਲੇ ਦੇ ਉਲਟ ਹੈ ਜੋ ਕਿ ਪੈਨਸ਼ਨਰਾਂ ਨੂੰ ਮਨਮਾਨੇ ਅਤੇ ਪੱਖਪਾਤੀ ਫੈਸਲਿਆਂ ਦੇ ਜੋਖਮ ਵਿੱਚ ਪਾਉਂਦਾ ਹੈ। ਇਸ ਮੌਕੇ ਐੱਸਕੇਐੱਸ ਦੇ ਜ਼ਿਲ੍ਹਾ ਪ੍ਰਧਾਨ ਮਹੀਪਾਲ ਸੌਦੇ, ਮੈਂਬਰ ਵਿਜੇ ਕੁਮਾਰ, ਮਕੈਨੀਕਲ ਵਿਭਾਗ ਤੋਂ ਸੁਰਿੰਦਰ, ਪ੍ਰੇਮ ਪ੍ਰਕਾਸ਼, ਮੇਵਾ ਰਾਮ, ਸਢੋਰਾ ਤੋਂ ਪਵਨ ਸ਼ਰਮਾ, ਦਿਲਾਵਰ ਹੁਸੈਨ, ਰਾਦੌਰ ਤੋਂ ਪਿਆਰੇਲਾਲ, ਯਸ਼ਪਾਲ, ਜਗਾਧਰੀ ਤੋਂ ਜਰਨੈਲ ਚਨਾਲੀਆ, ਸਤੀਸ਼ ਰਾਣਾ, ਤੀਰਥ ਰਾਮ, ਮੁਖਤਿਆਰ ਸਿੰਘ, ਲਲਕਾਰ ਸਿੰਘ, ਰਾਮਵੀਰ ਸਿੰਘ ਨੇ ਵੀ ਸੰਬੋਧਨ ਕੀਤਾ।