ਸੂਬੇ ਦੀ ਵਿਗੜ ਰਹੀ ਕੁਦਰਤੀ ਵਿਰਾਸਤ ਬਾਰੇ ਮੁੱਖ ਮੰਤਰੀ ਨੂੰ ਪੱਤਰ
ਪੱਤਰ ਪ੍ਰੇਰਕ
ਜਲੰਧਰ, 26 ਦਸੰਬਰ
ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ, ਕਲਚਰ, ਐਂਡ ਹੈਰੀਟੇਜ ਦੇ ਪੰਜਾਬ ਚੈਪਟਰ ਨੇ ਸੂਬੇ ਦੀ ਕੁਦਰਤੀ ਵਿਰਾਸਤ ਦੀ ਵਿਗੜਦੀ ਹਾਲਤ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੇ ਇੱਕ ਪੱਤਰ ਵਿੱਚ ਇੰਟਰੈਚ ਪੰਜਾਬ ਦੇ ਸੂਬਾ ਕਨਵੀਨਰ ਮੇਜਰ ਜਨਰਲ ਬਲਵਿੰਦਰ ਸਿੰਘ (ਸੇਵਾਮੁਕਤ) ਨੇ ਮਹੱਤਵਪੂਰਨ ਕੁਦਰਤੀ ਸਰੋਤਾਂ ਖਾਸ ਕਰਕੇ ਦਰਿਆਵਾਂ ਅਤੇ ਜਲ ਸਰੋਤਾਂ ਨੂੰ ਵਧਦੇ ਪ੍ਰਦੂਸ਼ਣ ਤੋਂ ਬਚਾਉਣ ਅਤੇ ਸੰਭਾਲਣ ਦੀ ਫੌਰੀ ਲੋੜ ਨੂੰ ਉਜਾਗਰ ਕੀਤਾ ਹੈ। ਪੱਤਰ ਵਿੱਚ ਬੁੱਢਾ ਨਾਲੇ, ਕਾਲੀ ਬੇਈ ਅਤੇ ਕਾਂਜਲੀ ਵੈੱਟਲੈਂਡ ਵਿੱਚ ਗੰਭੀਰ ਪ੍ਰਦੂਸ਼ਣ ਪੱਧਰ ’ਤੇ ਜ਼ੋਰ ਦਿੱਤਾ ਗਿਆ। ਸੰਗਠਨ ਨੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੁਆਰਾ ਦਿੱਤੇ ਹੁਕਮਾਂ ਅਨੁਸਾਰ ਪ੍ਰਦੂਸ਼ਣ ਕੰਟਰੋਲ ਉਪਾਵਾਂ ਨੂੰ ਲਾਗੂ ਕਰਨ ਵਿੱਚ ਅਸਫਲ ਰਹਿਣ ਵਾਲੇ ਅਧਿਕਾਰੀਆਂ ਵਿਰੁੱਧ ਤੁਰੰਤ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੱਤਰ ਵਿੱਚ ਕਿਹਾ ਗਿਆ ਕਿ ਸ਼ਾਸਨ ਲਈ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਅਤੇ ਭਲਾਈ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ, ਇਸ ਪੱਤਰ ਵਿੱਚ ਸਿਆਸੀ ਆਗੂਆਂ ਅਤੇ ਨੌਕਰਸ਼ਾਹਾਂ ਨੂੰ ਵਾਤਾਵਰਨ ਦੀ ਸੰਭਾਲ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ ਗਈ ਹੈ। ਪੱਤਰ ਵਿੱਚ ਰਾਜ ਸਰਕਾਰ ਨੂੰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਕਿਹਾ ਗਿਆ ਹੈ, ਖਾਸ ਤੌਰ ’ਤੇ ਗੈਰ-ਕਾਨੂੰਨੀ ਉਦਯੋਗਿਕ ਗੰਦੇ ਪਾਣੀ ਨੂੰ ਰੋਕਣ ਦਾ ਉਦੇਸ਼ ਹੈ। ਮੇਜਰ ਜਨਰਲ ਬਲਵਿੰਦਰ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪੰਜਾਬ ਦੇ ਦਰਿਆਵਾਂ ਅਤੇ ਜਲਗਾਹਾਂ ਨੂੰ ਸੁਰੱਖਿਅਤ ਰੱਖਣਾ ਨਾ ਸਿਰਫ਼ ਵਾਤਾਵਰਨ ਦੇ ਸੰਤੁਲਨ ਲਈ ਸਗੋਂ ਇੱਥੋਂ ਦੇ ਵਸਨੀਕਾਂ ਦੀ ਸਿਹਤ ਅਤੇ ਖੁਸ਼ਹਾਲੀ ਲਈ ਵੀ ਜ਼ਰੂਰੀ ਹੈ। ਇਸ ਦੌਰਾਨ ਇਹ ਅਪੀਲ ਰਾਜ ਦੇ ਵਾਤਾਵਰਣ ਦੇ ਵਿਗਾੜ ਨੂੰ ਲੈ ਕੇ ਵੱਧ ਰਹੀਆਂ ਚਿੰਤਾਵਾਂ ਦੇ ਵਿਚਕਾਰ ਆਈ ਹੈ, ਕਾਰਕੁੰਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਲੰਬੇ ਸਮੇਂ ਲਈ ਸਿਹਤ, ਖੇਤੀਬਾੜੀ ਅਤੇ ਮਾੜੇ ਨਤੀਜੇ ਦੇਖਣ ਨੂੰ ਮਿਲਣਗੇ।
ਸਤਲੁਜ ਦਰਿਆ ਦੀ ਸਥਿਤੀ ’ਤੇ ਡੂੰਘੀ ਚਿੰਤਾ ਜ਼ਾਹਿਰ
ਡਾ. ਸਨੀ ਸੰਧੂ ਨੇ ਸਤਲੁਜ ਦਰਿਆ ਦੀ ਸਥਿਤੀ ’ਤੇ ਡੂੰਘੀ ਚਿੰਤਾ ਜ਼ਾਹਿਰ ਕੀਤੀ। ਪੰਜਾਬ ਦੇ ਦਰਿਆਵਾਂ ਦੀ ਸਾਂਭ ਸੰਭਾਲ ਲਈ ਭੂਮੀਤਰਾ ਬੇਦਾ ਯਾਤਰਾ ਪਹਿਲਕਦਮੀ ਦੀ ਸਥਾਪਨਾ ਲਈ ਜਾਣੇ ਜਾਂਦੇ ਸੰਧੂ ਨੇ ਚਿਤਾਵਨੀ ਦਿੱਤੀ ਕਿ ਬੁੱਢੇ ਨਾਲੇ ਵਿੱਚ ਬੇਰੋਕ ਜ਼ਹਿਰੀਲੇ ਨਿਕਾਸ ਨਾਲ ਪੰਜਾਬ ਦੇ ਕੈਂਸਰ ਸੰਕਟ ਵਿੱਚ ਵਾਧਾ ਹੋ ਸਕਦਾ ਹੈ।