ਸੂਬੇ ’ਚ ਸਿਹਤ ਢਾਂਚਾ ਢਹਿ-ਢੇਰੀ: ਸਿੱਧੂ
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ (ਮੁਹਾਲੀ), 26 ਦਸੰਬਰ
ਸੀਨੀਅਰ ਕਾਂਗਰਸੀ ਨੇਤਾ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਖਿਆ ਕਿ ਸੂਬਾ ਸਰਕਾਰ ਦੀਆਂ ਨੁਕਸਦਾਰ ਨੀਤੀਆਂ ਅਤੇ ਨਾਕਸ ਵਿਉਂਤਬੰਦੀ ਕਾਰਨ ਸੂਬੇ ਵਿਚ ਸਿਹਤ ਸਹੂਲਤਾਂ ਦਾ ਢਾਂਚਾ ਬੁਰੀ ਤਰ੍ਹਾਂ ਢਹਿ-ਢੇਰੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ‘ਅੱਗਾ ਦੌੜ ਤੇ ਪਿੱਛਾ ਚੌੜ’ ਵਾਲੀ ਨੀਤੀ ਨੇ ਸਸਤੀ ਸ਼ੋਹਰਤ ਖੱਟਣ ਲਈ ‘ਆਮ ਆਦਮੀ ਕਲੀਨਿਕ’ ਖੋਲ੍ਹਣ ਦੇ ਚੱਕਰ ਵਿਚ ਚੰਗੀਆਂ ਭਲੀਆਂ ਚਲਦੀਆਂ ਡਿਸਪੈਂਸਰੀਆਂ ਤੇ ਮੁੱਢਲੇ ਸਿਹਤ ਕੇਂਦਰਾਂ ਨੂੰ ਤਬਾਹ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਲੋੜ ਪੰਜਾਬ ਦੀਆਂ ਸਿਹਤ ਸੰਸਥਾਵਾਂ ਵਿਚ ਡਾਕਟਰ ਤੇ ਲੋਂੜੀਦਾ ਪੈਰਾ ਮੈਡੀਕਲ ਸਟਾਫ਼ ਅਤੇ ਲੋੜ ਅਨੁਸਾਰ ਸਾਜ਼ੋ-ਸਾਮਾਨ ਭੇਜਣ ਦੀ ਸੀ ਨਾ ਕਿ ਇਨ੍ਹਾਂ ਸੰਸਥਾਵਾਂ ਦੇ ਬਰਾਬਰ ਨਵੀਆਂ ਸੰਸਥਾਵਾਂ ਖੋਲ੍ਹਣ ਦੀ। ਕਾਂਗਰਸੀ ਆਗੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਫੋਕੀ ਵਾਹ-ਵਾਹ ਖੱਟਣ ਲਈ ਪੰਜਾਬ ਵਿਚ ਦਿੱਲੀ ਦਾ ਆਮ ਆਦਮੀ ਕਲੀਨਿਕ ਮਾਡਲ ਬਿਨਾਂ ਸੋਚਿਆਂ ਸਮਝਿਆਂ ਲਾਗੂ ਕਰਨ ਲਈ ਕੇਂਦਰ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਕਰ ਕੇ ਕਰੋੜਾਂ ਰੁਪਏ ਦੀਆਂ ਗਰਾਂਟਾਂ ਦਾ ਨੁਕਸਾਨ ਕਰ ਲਿਆ। ਉਨ੍ਹਾਂ ਕਿਹਾ ਕਿ ਹੁਣ ਜਦੋਂ ਸਿਹਤ ਸਿਸਟਮ ਦਾ ਢਾਂਚਾ ਹੀ ਢਹਿ-ਢੇਰੀ ਹੋਣ ਦੇ ਕਿਨਾਰੇ ਪਹੁੰਚ ਗਿਆ ਤਾਂ ਪੰਜਾਬ ਸਰਕਾਰ ਫਿਰ ਕੇਂਦਰ ਸਰਕਾਰ ਦੇ ਸਾਰੇ ਨਿਯਮ ਮੰਨ ਕੇ ਆਮ ਆਦਮੀ ਕਲੀਨਕਾਂ ਦਾ ਨਾਮ ਅਤੇ ਦਿੱਖ ਬਦਲਣ ਲੱਗੀ ਹੈ।