ਸੁਨਾਮ ਦੇ ਰਾਜਵੀਰ ਨੇ ਮਾਪਿਆਂ ਦਾ ਨਾਂ ਚਮਕਾਇਆ
ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 14 ਜਨਵਰੀ
ਇੱਥੋਂ ਦੇ ਨਾਮਵਰ ਭੰਗੂ ਪਰਿਵਾਰ ਦੇ ਸਥਾਨਕ ਸ਼ਹੀਦ ਊਧਮ ਸਿੰਘ ਉਦਯੋਗਿਕ ਸਿਖਲਾਈ ਸੰਸਥਾ ’ਚ ਸੀਨੀਅਰ ਸਹਾਇਕ ਵਜੋਂ ਕੰਮ ਕਰ ਰਹੇ ਰਾਜਵੀਰ ਸਿੰਘ ਭੰਗੂ ਪੁੱਤਰ ਸੀਨੀਅਰ ਅਕਾਲੀ ਆਗੂ ਸੋਹਣ ਸਿੰਘ ਭੰਗੂ ਨੇ ਹਾਲ ਹੀ ’ਚ ਪੀਸੀਐੱਸ ਦੀ ਪ੍ਰੀਖਿਆ ਵਿੱਚ ਸੂਬੇ ਭਰ ’ਚੋਂ 12 ਰੈਂਕ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ ਦੇ ਨਾਲ-ਨਾਲ ਸੁਨਾਮ ਸ਼ਹਿਰ ਦਾ ਨਾਂ ਚਮਕਾਇਆ ਹੈ। ਰਾਜਵੀਰ ਸਿੰਘ ਭੰਗੂ ਦੀ ਇਸ ਪ੍ਰਾਪਤੀ ਲਈ ਆਈਟੀਆਈ ਸੁਨਾਮ ਦੇ ਸਮੁੱਚੇ ਅਮਲੇ ਵਲੋਂ ਅੱਜ ਉਨ੍ਹਾਂ ਨੂੰ ਦਫ਼ਤਰ ਪਹੁੰਚਣ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਜਵੀਰ ਸਿੰਘ ਭੰਗੂ ਨੇ ਆਪਣੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦ੍ਰਿੜ ਇਰਾਦੇ ਨਾਲ ਕੀਤੀ ਮਿਹਨਤ ਕਦੇ ਅਜ਼ਾਈਂ ਨਹੀਂ ਜਾਂਦੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਆਪਣਾ ਟੀਚਾ ਜ਼ਰੂਰ ਮਿੱਥਣਾ ਚਾਹੀਦਾ ਹੈ ਅਤੇ ਉਸ ਪਾਸੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੁੰਦੀ ਹੈ। ਪਰਿਵਾਰ ਵੱਲੋਂ ਦਰਸ਼ਨ ਸਿੰਘ ਭੰਗੂ ਵੱੱਲੋਂ ਰਾਜਵੀਰ ਸਿੰਘ ਭੰਗੂ ਦੀ ਸਖਤ ਮਿਹਨਤ ਦੇ ਕਿੱਸੇ ਵੀ ਸਾਂਝੇ ਕੀਤੇ ਗਏ। ਇਸ ਮੌਕੇ ਪ੍ਰਿੰਸੀਪਲ ਬਲਵਿੰਦਰ ਸਿੰਘ, ਸੁਪਰਡੈਂਟ ਵਿਨੋਦ ਕੁਮਾਰ, ਸਰਬਜੀਤ ਸਿੰਘ, ਕ੍ਰਿਸ਼ਨ ਸਿੰਘ, ਰਾਮ ਸਿੰਘ, ਜਗਸੀਰ ਸਿੰਘ, ਅਮਰਜੀਤ ਸਿੰਘ, ਕਮਲਜੀਤ ਸਿੰਘ ਤੇ ਮਨਮਿੰਦਰ ਸਿੰਘ ਆਦਿ ਮੌਜੂਦ ਸਨ।