ਸੀਪੀਆਈ ਵੱਲੋਂ ਬਾਬਾ ਭਕਨਾ ਦੇ ਜਨਮ ਦਿਨ ਸਬੰਧੀ ਕਾਨਫਰੰਸ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 5 ਜਨਵਰੀ
ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ, ਉੱਘੇ ਕਮਿਊਨਿਸਟ ਆਗੂ ਤੇ ਦੇਸ਼ ਭਗਤ ਬਾਬਾ ਸੋਹਣ ਸਿੰਘ ਭਕਨਾ ਦੇ ਜਨਮ ਦਿਨ ਤੇ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਸਮੂਹ ਦੇਸ਼ ਭਗਤਾਂ ਤੇ ਲੋਕ ਨਾਇਕਾਂ ਨੂੰ ਯਾਦ ਕਰਦਿਆਂ ਇਕ ਵਿਸ਼ਾਲ ਕਾਨਫਰੰਸ ਬਾਬਾ ਭਕਨਾ ਯਾਦਗਾਰ ਨੇੜੇ ਸਕੂਲ ਗਰਾਊਂਡ ਵਿੱਚ ਕੀਤੀ ਗਈ। ਇਹ ਸਮਾਗਮ ਤਾਰਾ ਸਿੰਘ ਖਹਿਰਾ, ਦਵਿੰਦਰ ਸੋਹਲ, ਗੁਰਦੀਪ ਸਿੰਘ ਗੁਰੂਵਾਲੀ,ਬਲਕਾਰ ਸਿੰਘ ਵਲਟੋਹਾ, ਨਰਿੰਦਰ ਪਾਲੀ, ਬਲਜੀਤ ਸਿੰਘ ਫਤਿਆਬਾਦ, ਸੀਮਾ ਸੋਹਲ, ਡਾਕਟਰ ਦਲਬੀਰ ਸਿੰਘ ਲਹਿਰੀ ਦੀ ਪ੍ਰਧਾਨਗੀ ਹੇਠ ਕੀਤਾ ।
ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾਈ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ, ਰਾਜਿੰਦਰਪਾਲ ਕੌਰ, ਲਖਬੀਰ ਸਿੰਘ ਨਿਜ਼ਾਮਪੁਰ ਨੇ ਕਿਹਾ ਬਾਬਾ ਸੋਹਣ ਸਿੰਘ ਭਕਨਾ, ਹੋਰ ਗ਼ਦਰੀ ਯੋਧਿਆਂ ਤੇ ਦੇਸ਼ ਭਗਤਾਂ ਦੀ ਕੁਰਬਾਨੀ ਨੂੰ ਸਿਜਦਾ ਕਰਦਿਆਂ ਉਨ੍ਹਾਂ ਦੀ ਸੋਚ ਅਨੁਸਾਰ ਦੇਸ਼ ਵਿੱਚ ਰਾਜਨੀਤਕ ਇਨਕਲਾਬ ਕਰਨਾ ਪਵੇਗਾ ਤਾਂ ਕਿ ਪੰਜਾਬ ਤੇ ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢ ਕੇ ਵਿੱਦਿਆ ਤੇ ਰੁਜ਼ਗਾਰ ਦੀ ਗਾਰੰਟੀ ਰਾਹੀਂ ਆਉਣ ਵਾਲੀ ਪੀੜ੍ਹੀ ਦੀ ਜਵਾਨੀ ਖੁਸ਼ਹਾਲ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਦੀ ਇਸ ਸਾਲ 100 ਵੀਂ ਵਰ੍ਹੇਗੰਢ ਹੈ। ਬਾਬਾ ਸੋਹਣ ਸਿੰਘ ਭਕਨਾ ਸਮੇਤ ਬਹੁਤ ਸਾਰੇ ਦੇਸ਼ ਭਗਤਾਂ ਨੇ ਭਾਰਤੀ ਕਮਿਊਨਿਸਟ ਪਾਰਟੀ ਦੇ ਝੰਡੇ ਹੇਠ ਕਿਸਾਨਾਂ ਮਜ਼ਦੂਰਾਂ ਦੇ ਵੱਡੇ-ਵੱਡੇ ਘੋਲ ਲੜੇ ਅਤੇ ਜਿੱਤੇ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੀ ਕਾਰਪੋਰੇਟ ਪੱਖੀ ਬੀਜੇਪੀ ਸਰਕਾਰ ਵੱਲੋਂ ਮਜ਼ਦੂਰਾਂ ਕਿਸਾਨਾਂ ਤੇ ਹੋਰ ਮਿਹਨਤਕਸ਼ ਲੋਕਾਂ ਨੂੰ ਲੁੱਟ ਕੇ ਕਾਰਪੋਰੇਟ ਘਰਾਣਿਆਂ ਦਾ ਘਰ ਭਰਿਆ ਜਾ ਰਿਹਾ ਹੈ।
ਪੰਜਾਬ ਦੀ ਸਰਕਾਰ ਵੀ ਕੇਂਦਰ ਸਰਕਾਰ ਵਾਂਗ ਲੋਕ ਵਿਰੋਧੀ ਨੀਤੀਆਂ ’ਤੇ ਚੱਲ ਰਹੀ ਹੈ। ਪੰਜਾਬ ਰਿਸ਼ਵਤਖੋਰੀ, ਬੇਰੁਜ਼ਗਾਰੀ, ਨਸ਼ੇਬਾਜ਼ੀ ਤੇ ਗੈਂਗਸਟਰ ਵਾਦ ਵਿੱਚ ਬੁਰੀ ਤਰ੍ਹਾਂ ਫਸ ਗਿਆ ਹੈ। ਪੰਜਾਬ ਦੀਆਂ ਸਰਕਾਰੀ ਮੰਡੀਆਂ ਤੋੜੀਆਂ ਜਾ ਰਹੀਆਂ ਹਨ ਤਾਂ ਕਾਰਪੋਰੇਟ ਘਰਾਣਿਆਂ ਨੂੰ ਫਸਲਾਂ ਆਪਣੀ ਮਰਜ਼ੀ ਨਾਲ ਖਰੀਦਣ ਦੀ ਖੁੱਲ੍ਹ ਹੋ ਸਕੇ। ਪੰਜਾਬ ਵਿੱਚ ਰੇਤ ਬੱਜਰੀ, ਭੋਂ ਮਾਫੀਆ ਤੇ ਸ਼ਰਾਬ ਮਾਫੀਆ ਪੂਰੀ ਤਰ੍ਹਾਂ ਸਰਗਰਮ ਹੈ। ਉਨ੍ਹਾਂ ਅਪੀਲ ਕੀਤੀ ਕਿ ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਕਾਨਫਰੰਸ ਸਤੰਬਰ ਮਹੀਨੇ ਵਿੱਚ ਪੰਜਾਬ ਵਿੱਚ ਹੋ ਰਹੀ ਹੈ, ਜਿਸ ਕਰਕੇ ਪੰਜਾਬ ਦੇ ਕਮਿਊਨਿਸਟ ਵਰਕਰਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਇਸ ਕਾਨਫਰੰਸ ਨੂੰ ਕਾਮਯਾਬ ਕਰਨ। ਇਸ ਮੌਕੇ ਮੰਗ ਕੀਤੀ ਕਿ ਜੇਲ੍ਹਾਂ ਵਿੱਚ ਬੰਦ ਨਾਜਾਇਜ਼ ਤੌਰ ’ਤੇ ਕੈਦ ਭੁਗਤ ਰਹੇ ਲੋਕਾਂ ਨੂੰ ਰਿਹਾ ਕੀਤਾ ਜਾਵੇ। ਕਿਸਾਨਾਂ ਨਾਲ ਗੱਲਬਾਤ ਕਰਕੇ ਡੱਲੇਵਾਲ ਦਾ ਮਰਨ ਵਰਤ ਖ਼ਤਮ ਕਰਾਇਆ ਜਾਵੇ। ਬਾਬਾ ਸੋਹਣ ਸਿੰਘ ਭਕਨਾ ਦਾ ਆਦਮ ਕੱਦ ਬੁੱਤ ਖ਼ਾਸਾ ਚੌਕ ਵਿੱਚ ਲਾਇਆ ਜਾਵੇ। ਖ਼ਾਸਾ ਭਕਨਾ ਸੜਕ ਤੁਰੰਤ ਬਣਾਈ ਜਾਵੇ। ਇਸ ਮੌਕੇ ਕਾਮਰੇਡ ਗੁਰਬਿੰਦਰ ਸਿੰਘ ਸੋਹਲ, ਗੁਰਪ੍ਰੀਤ ਸਿੰਘ ਗੰਡੀਵਿੰਡ, ਮਨਜੀਤ ਬਾਸਰਕੇ, ਜਸਪਾਲ ਸਿੰਘ ਚੱਕ ਮੁਕੰਦ ਹਾਜ਼ਰ ਸਨ।