ਨਿੱਜੀ ਪੱਤਰ ਪ੍ਰੇਰਕਲੁਧਿਆਣਾ, 26 ਦਸੰਬਰਕਮਿਊਨਿਸਟ ਪਾਰਟੀ ਆਫ਼ ਇੰਡੀਆ ਦੀ ਸਥਾਪਨਾ ਦੇ ਸ਼ਤਾਬਦੀ ਸਮਾਗਮਾਂ ਦੇ ਹਿੱਸੇ ਵਜੋਂ ਜ਼ਿਲ੍ਹਾ ਇਕਾਈ ਨੇ ਅਬਦੁਲਾਪੁਰ ਬਸਤੀ ਸਥਿਤ ਆਪਣੇ ਦਫ਼ਤਰ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿੱਚ ਪਾਰਟੀ ਦਾ ਝੰਡਾ ਲਹਿਰਾ ਕੇ ਕਮਿਊਨਿਸਟ ਵਿਚਾਰਧਾਰਾ ਲੋਕਾਂ ਤੱਕ ਲਿਜਾਣ ਦਾ ਅਹਿਦ ਕੀਤਾ।ਇਸ ਮੌਕੇ ਪਾਰਟੀ ਦੇ ਕੌਮੀ ਕਾਰਜਕਾਰਨੀ ਮੈਂਬਰ ਕਾਮਰੇਡ ਗੁਲਜ਼ਾਰ ਗੋਰੀਆ, ਕੌਮੀ ਕੌਂਸਲ ਮੈਂਬਰ ਡਾ. ਅਰੁਣ ਮਿੱਤਰਾ ਤੇ ਸੂਬਾ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਕਾਮਰੇਡ ਰਮੇਸ਼ ਰਤਨ ਨੇ ਕਿਹਾ ਕਿ ਪਾਰਟੀ ਦੀ ਸਥਾਪਨਾ ਨੇ ਆਜ਼ਾਦੀ ਲਹਿਰ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਤੇ ਬ੍ਰਿਟਿਸ਼ ਸਾਮਰਾਜਵਾਦ ਤੋਂ ਪੂਰਨ ਆਜ਼ਾਦੀ ਅਤੇ ਭਾਰਤ ਵਿੱਚ ਪ੍ਰਭੂਸੱਤਾ ਸੰਪੰਨ, ਜਮਹੂਰੀ, ਧਰਮ ਨਿਰਪੱਖ ਅਤੇ ਸਮਾਜਵਾਦੀ ਗਣਰਾਜ ਕਾਇਮ ਕਰਨ ਲਈ ਸੰਘਰਸ਼ ਨੂੰ ਮਜ਼ਬੂਤ ਕੀਤਾ। ਇਸ ਦੌਰਾਨ ਸੈਂਕੜੇ ਕਮਿਊਨਿਸਟਾਂ ਨੇ ਆਪਣੀ ਜਾਨ, ਕੈਰੀਅਰ ਅਤੇ ਜਾਇਦਾਦ ਦੀ ਬਲੀ ਦਿੱਤੀ ਤੇ ਅੰਗਰੇਜ਼ਾਂ ਦੇ ਜ਼ੁਲਮ ਦੇ ਬਾਵਜੂਦ ਦ੍ਰਿੜਤਾ ਨਾਲ ਲੜੇ।ਉਨ੍ਹਾਂ ਕਿਹਾ ਕਿ ਸਾਨੂੰ ਹੁਣ ਆਰਐੱਸਐੱਸ-ਭਾਜਪਾ ਦੀ ਅਗਵਾਈ ਵਾਲੀਆਂ ਤਾਕਤਾਂ ਦੇ ਫ਼ਿਰਕੂ ਹਮਲੇ ਦੀ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਘੱਟ ਗਿਣਤੀਆਂ ਵਿਰੁੱਧ ਨਫ਼ਰਤ ਫੈਲਾ ਰਹੀਆਂ ਹਨ। ਸਰਕਾਰ ਦੀਆਂ ਕਾਰਪੋਰੇਟ ਪੱਖੀ ਅਤੇ ਲੋਕ-ਵਿਰੋਧੀ ਨੀਤੀਆਂ ਵਿਰੁੱਧ ਲੜਨਾ ਪਾਰਟੀ ਲਈ ਇੱਕ ਚੁਣੌਤੀ ਭਰਿਆ ਕੰਮ ਹੈ। ਇਸ ਮੌਕੇ ਹਾਜ਼ਰ ਸਾਥੀਆਂ ਨੇ ਲੋਕਾਂ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਅਤੇ ਕਮਿਊਨਿਸਟ ਪਾਰਟੀ ਦੀ ਵਿਚਾਰਧਾਰਾ ਲੋਕਾਂ ਤੱਕ ਲਿਜਾਣ ਦਾ ਪ੍ਰਣ ਕੀਤਾ।ਇਸ ਮੌਕੇ ਸੀਨੀਅਰ ਆਗੂਆਂ ਕਾਮਰੇਡ ਰਮੇਸ਼ ਰਤਨ ਅਤੇ ਕਾਮਰੇਡ ਗੁਲਜਾਰ ਗੋਰੀਆ ਨੇ ਪਾਰਟੀ ਦਾ ਝੰਡਾ ਲਹਿਰਾਇਆ। ਇਸ ਮੌਕੇ ਚਮਕੌਰ ਸਿੰਘ, ਵਿਜੇ ਕੁਮਾਰ, ਕੇਵਲ ਸਿੰਘ ਬਨਵੈਤ, ਨਰੇਸ਼ ਗੋੜ, ਡਾ ਰਜਿੰਦਰ ਪਾਲ ਸਿੰਘ ਔਲਖ, ਡਾ ਗੁਰਪ੍ਰੀਤ ਸਿੰਘ, ਐਸ ਪੀ ਸਿੰਘ, ਗੁਰਵੰਤ ਸਿੰਘ, ਜਸਮੇਲ ਸਿੰਘ, ਹਰਦਿਆਲ ਸਿੰਘ ਤੋ ਇਲਾਵਾ ਕਾਮਰੇਡ ਜੋਗਿੰਦਰ ਪਾਲ, ਅਰਜੁਨ ਪ੍ਰਸ਼ਾਦ, ਕੁਲਦੀਪ ਸਿੰਘ ਬਿੰਦਰ, ਰਾਮਰੀਤ, ਰਾਮ ਚੰਦ, ਰਾਏਕੋਟ ਤੋਂ ਕਾਮਰੇਡ ਕਰਤਾਰ ਰਾਮ ਅਤੇ ਬੂਟਾ ਸਿੰਘ ਅਤੇ ਖੰਨਾ ਤੋਂ ਕਾਮਰੇਡ ਗੁਰਮੀਤ ਸਿੰਘ ਅਤੇ ਸੰਜੀਤ ਰਾਮ ਆਦਿ ਸ਼ਾਮਿਲ ਸਨ। ਅੰਤ ਵਿੱਚ ਸਥਾਪਨਾ ਦਿਵਸ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ।