ਸੀਨੀਅਰ ਸਿਟੀਜ਼ਨਾਂ ਨੇ ਲੋਕ ਮੁੱਦਿਆਂ ’ਤੇ ਚਰਚਾ ਕੀਤੀ
ਭਗਵਾਨ ਦਾਸ ਸੰਦਲ
ਦਸੂਹਾ, 29 ਦਸੰਬਰ
ਇਥੇ ਦਿ ਦਸੂਹਾ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਵਿੱਚ ਇਲਾਕਾ ਨਿਵਾਸੀਆਂ ਨੂੰ ਦਰਪੇਸ਼ ਆ ਰਹੀ ਆਵਾਜਾਈ ਸਬੰਧੀ ਸਮੱਸਿਆ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰਧਾਨ ਜਗਦੀਸ਼ ਸਿੰਘ ਸੋਹੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਮੈਂਬਰਾਂ ਨੇ ਕਿਹਾ ਕਿ ਸ਼ਹਿਰ ਵਿੱਚ ਟਰੈਫਿਕ ਸਮੱਸਿਆ ਨੇ ਗੰਭੀਰ ਰੂਪ ਧਾਰਨ ਕਰ ਲਿਆ ਹੈ। ਲੋਕਾਂ ਨੂੰ ਬਲਗਣਾ ਚੌਕ, ਮਿਆਣੀ ਰੋਡ, ਬਾਬਾ ਬਰਫਾਨੀ ਚੌਕ ਤੇ ਐੱਸਡੀਐੱਮ ਚੌਕ ਵਿੱਚ ਰੋਜ਼ਾਨਾ ਲੱਗਦੇ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਥਾਣਾ ਦਸੂਹਾ, ਸਾਂਝ ਕੇਂਦਰ ਅਤੇ ਡੀਐੱਸਪੀ ਦੇ ਦਫਤਰ ਅੱਗੇ ਲੰਮੇ ਸਮੇਂ ਤੋਂ ਖੜੇ ਹਾਦਸਾਗ੍ਰਸਤ ਵਾਹਨ ਵੀ ਕੌਮੀ ਮਾਰਗ ਦੀ ਆਵਾਜਾਈ ਪ੍ਰਭਾਵਿਤ ਕਰਦੇ ਹਨ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਹੁਸ਼ਿਆਰਪੁਰ ਵੱਲ ਜਾਣ ਵਾਲੇ ਹੈਵੀ ਵਾਹਨਾਂ ਨੂੰ ਬਲਗਣਾਂ ਚੌਕ ਦੀ ਬਜਾਏ ਵਾਇਆ ਐੱਸਡੀਐੱਮ ਚੌਕ ਰਾਹੀਂ ਜਾਣ ਦੀ ਹਦਾਇਤ ਜਾਰੀ ਕੀਤੀ ਜਾਵੇ। ਇਸ ਤੋਂ ਇਲਵਾ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਐੱਸਡੀਐੱਮ ਚੌਕ ਦੀਆਂ ਟਰੈਫਿਕ ਲਾਈਟਾਂ ਚਾਲੂ ਕਰਵਾਉਣ ਦੀ ਮੰਗ ਕੀਤੀ। ਮੀਟਿੰਗ ਵਿੱਚ ਮੈਂਬਰਾਂ ਨੇ ਸ਼ਹਿਰ ਅੰਦਰ ਚੋਰੀ ਛਿਪੇ ਵਿਕ ਰਹੀ ਚਾਈਨਾ ਡੋਰ ਨਾਲ ਵਾਪਰ ਰਹੇ ਹਾਦਸਿਆਂ ਅਤੇ ਸਕੂਲ-ਕਾਲਜਾਂ ’ਚ ਛੁੱਟੀ ਦੇ ਸਮੇਂ ਕੁਝ ਕੁਝ ਮਸ਼ਕੂਕਾਂ ਵੱਲੋਂ ਬੱਚੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੀਆਂ ਘਟਨਾਵਾਂ ਪ੍ਰਤੀ ਚਿੰਤਾ ਜਤਾਈ ਗਈ। ਪ੍ਰਧਾਨ ਜਗਦੀਸ਼ ਸਿੰਘ ਸੋਹੀ ਤੇ ਜੁਆਇੰਟ ਸਕੱਤਰ ਪ੍ਰਿੰ. ਸੁਰਿੰਦਰ ਸਿੰਘ ਬਸਰਾ ਨੇ ਦੱਸਿਆ ਕਿ ਇਨਾਂ ਸਮੱਸਿਆਵਾਂ ਦੇ ਸਬੰਧ ਵਿੱਚ ਥਾਣਾ ਮੁਖੀ ਪ੍ਰਭਜੋਤ ਕੌਰ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ ਹੈ। ਜਿਸ ਮਗਰੋਂ ਉਨ੍ਹਾਂ ਸਮੱਸਿਆਵਾਂ ਦੇ ਤੁਰੰਤ ਹੱਲ ਦਾ ਭਰੋਸਾ ਦਿੱਤਾ ਹੈ। ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਗੌਤਮ ਰਿਸ਼ੀ, ਜੁਆਇੰਟ ਸਕੱਤਰ ਪ੍ਰਿੰਸੀਪਲ ਸੁਰਿੰਦਰ ਸਿੰਘ ਬਸਰਾ, ਵਿੱਤ ਸਕੱਤਰ ਮਦਨ ਮੋਹਨ, ਗੁਰਦੀਪ ਸਿੰਘ ਵਾਹਿਦ, ਸੁਖਬੀਰ ਸਿੰਘ ਨਈਅਰ, ਅਤੇ ਦਲਬੀਰ ਸਿੰਘ ਨਈਅਰ ਪਾਲ ਸਿੰਘ ਧਾਮੀ, ਜਸਵੀਰ ਸਿੰਘ ਰੰਧਾਵਾ, ਐਡਵੋਕੇਟ ਭੁਪਿੰਦਰ ਸਿੰਘ ਘੁੰਮਣ, ਕੈਪਟਨ ਜਸਬੀਰ ਸਿੰਘ, ਸਾਬਕਾ ਡੀਐਸਪੀ ਮਨੋਹਰ ਸਿੰਘ ਸੈਣੀ, ਕਾਬਲ ਸਿੰਘ, ਦਰਸ਼ਨ ਸਿੰਘ ਕੰਗ, ਗੁਰਮੀਤ ਸਿੰਘ ਵੀ ਮੌਜੂਦ ਸਨ।