ਸੀਨੀਅਰ ਕੌਮੀ ਹਾਕੀ ਚੈਂਪੀਅਨਸ਼ਿਪ ਪੰਜਾਬ ਨੇ ਜਿੱਤੀ
ਹਤਿੰਦਰ ਮਹਿਤਾ
ਜਲੰਧਰ, 17 ਅਪਰੈਲ
ਪੰਜਾਬ ਦੀ ਹਾਕੀ ਟੀਮ ਨੇ 15ਵੀਂ ਹਾਕੀ ਇੰਡੀਆ ਸੀਨੀਅਰ ਪੁਰਸ਼ ਕੌਮੀ ਹਾਕੀ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤ ਕੇ ਕੌਮੀ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਪੰਜਾਬ ਨੇ ਫਾਈਨਲ ’ਚ ਮੱਧ ਪ੍ਰਦੇਸ਼ ਨੂੰ 4-1 ਨਾਲ ਹਰਾਇਆ। ਇਹ ਹਾਕੀ ਚੈਂਪੀਅਨਸ਼ਿਪ ਉੱਤਰ ਪ੍ਰਦੇਸ਼ ਦੇ ਸ਼ਹਿਰ ਝਾਂਸੀ ’ਚ ਹੋਈ। ਇਸ ਦੌਰਾਨ ਉੱਤਰ ਪ੍ਰਦੇਸ਼ ਨੇ ਮਨੀਪੁਰ ਨੂੰ 5-1 ਨਾਲ ਹਰਾ ਕੇ ਚੈਂਪੀਅਨਸ਼ਿਪ ’ਚ ਤੀਜਾ ਸਥਾਨ ਹਾਸਲ ਕੀਤਾ। ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਤੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਦੱਸਿਆ ਕਿ ਫਾਈਨਲ ਵਿੱਚ ਪੰਜਾਬ ਦੀ ਟੀਮ ਨੇ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ। ਪੰਜਾਬ ਵੱਲੋਂ ਜੁਗਰਾਜ ਸਿੰਘ ਨੇ ਦੋ ਗੋਲ ਦਾਗੇ ਜਦਕਿ ਮਨਿੰਦਰ ਸਿੰਘ ਤੇ ਜਸਕਰਨ ਸਿੰਘ ਨੇ ਇੱਕ-ਇੱਕ ਗੋਲ ਕੀਤਾ। ਮੱਧ ਪ੍ਰਦੇਸ਼ ਵਲੋਂ ਇਕਲੌਤਾ ਗੋਲ ਪ੍ਰਤਾਪ ਲਾਕੜਾ ਨੇ ਦਾਗਿਆ। ਉਨ੍ਹਾਂ ਦੱਸਿਆ ਕਿ ਮੈਚ ਦੌਰਾਨ ਅੱਧੇ ਸਮੇਂ ਤੱਕ ਦੋਵੇਂ ਟੀਮਾਂ ਇੱਕ-ਇੱਕ ਨਾਲ ਬਰਾਬਰੀ ’ਤੇ ਸਨ ਪਰ ਦੂਜੇ ਅੱਧ ’ਚ ਪੰਜਾਬ ਨੇ ਤਿੰਨ ਹੋਰ ਗੋਲ ਦਾਗਦਿਆਂ ਖ਼ਿਤਾਬੀ ਜਿੱਤ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਟੀਮ ਨੇ ਓਲੰਪੀਅਨ ਹਾਰਦਿਕ ਸਿੰਘ ਦੀ ਅਗਵਾਈ ਹੇਠ ਇਸ ਕੌਮੀ ਚੈਂਪੀਅਨਸ਼ਿਪ ਦੌਰਾਨ ਲੀਗ ਮੈਚਾਂ ਵਿੱਚ ਉੜੀਸਾ ਨੂੰ 3-2 ਨਾਲ ਹਰਾਇਆ ਸੀ ਜਦਕਿ ਟੀਮ ਨੂੰ ਮੱਧ ਪ੍ਰਦੇਸ਼ ਤੋਂ 2-3 ਨਾਲ ਹਾਰ ਮਿਲੀ ਸੀ। ਕੁਆਰਟਰ ਫਾਈਨਲ ’ਚ ਪੰਜਾਬ ਨੇ ਹਰਿਆਣਾ ਨੂੰ 3-2 ਨਾਲ ਤੇ ਸੈਮੀਫਾਈਨਲ ’ਚ ਮੇਜ਼ਬਾਨ ਉਤਰ ਪ੍ਰਦੇਸ਼ ਨੂੰ 4-3 ਨਾਲ ਹਰਾਇਆ ਸੀ। ਪੰਜਾਬ ਟੀਮ ਦੇ ਮੁੱਖ ਕੋਚ ਉਲੰਪੀਅਨ ਰਜਿੰਦਰ ਸਿੰਘ ਸੀਨੀਅਰ, ਮੈਨੇਜਰ ਓਲੰਪੀਅਨ ਸੰਜੀਵ ਕੁਮਾਰ ਅਤੇ ਸਹਾਇਕ ਕੋਚ ਰਵਿੰਦਰ ਸਿੰਘ ਸਨ। ਪੰਜਾਬ ਦੀ ਟੀਮ ਨੇ ਸੀਨੀਅਰ ਵਰਗ ’ਚ ਇਸ ਤੋਂ ਪਹਿਲਾਂ ਸਾਲ 2011 ’ਚ ਕਾਂਸੀ ਦਾ ਤਮਗਾ, 2012 ’ਚ ਸੋਨ ਤਮਗਾ, 2013 ਤੇ 2016 ਵਿੱਚ ਚਾਂਦੀ ਦਾ ਤਮਗਾ, 2017 ’ਚ ਕਾਂਸੀ, 2018 ’ਚ ਸੋਨ ਤਗਮਾ, 2019 ’ਚ ਚਾਂਦੀ ਅਤੇ 2021 ਤੇ 2023 ਵਿੱਚ ਸੋਨ ਤਮਗਾ ਜਿੱਤਿਆ ਸੀ।