ਸੀਟੀਯੂ: ਕਿਲੋਮੀਟਰ ਸਕੀਮ ਵਾਲੀਆਂ ਇਲੈਕਟ੍ਰਿਕ ਬੱਸਾਂ ਦੇ ਡਰਾਈਵਰਾਂ ਵੱਲੋਂ ਹੜਤਾਲ
ਚੰਡੀਗੜ੍ਹ, 17 ਅਪਰੈਲ
ਸੀ.ਟੀ.ਯੂ. ਵਿੱਚ ਪ੍ਰਾਈਵੇਟ ਕੰਪਨੀ ਅਸ਼ੋਕ ਲੇਅਲੈਂਡ ਅਧੀਨ ਕਿਲੋਮੀਟਰ ਸਕੀਮ ਤਹਿਤ ਚੱਲ ਰਹੀਆਂ ਇਲੈਕਟ੍ਰਿਕ ਬੱਸਾਂ ਦੇ ਡਰਾਈਵਰਾਂ ਵੱਲੋਂ ਤਨਖਾਹਾਂ ਵਿੱਚ ਡੀ.ਸੀ. ਰੇਟ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪਤਾ ਲੱਗਾ ਹੈ ਕਿ ਇਹ ਡਰਾਈਵਰ ਦੋ ਪ੍ਰਾਈਵੇਟ ਕੰਪਨੀਆਂ ਵਿੱਚ ਛਿੜੇ ਅੰਦਰੂਨੀ ਵਿਵਾਦ ਦਾ ਸ਼ਿਕਾਰ ਹੋ ਰਹੇ ਹਨ ਜਦਕਿ ਇਨ੍ਹਾਂ ਬੱਸਾਂ ਉਤੇ ਕੰਡਕਟਰ ਸੀ.ਟੀ.ਯੂ. ਦੇ ਕਰਮਚਰਾਰੀ ਹਨ।
ਅੱਜ ਬੱਸਾਂ ਬੰਦ ਕਰਕੇ ਸੈਕਟਰ 25 ਸਥਿਤ ਸੀ.ਟੀ.ਯੂ. ਦੇ ਡਿਪੂ ਵਿੱਚ ਇਕੱਤਰ ਹੋਏ ਡਰਾਈਵਰਾਂ ਨੇ ਸਾਫ਼ ਕਿਹਾ ਕਿ ਕੰਪਨੀ ਵੱਲੋਂ ਉਨ੍ਹਾਂ ਨੂੰ ਨਿਗੂਣੀਆਂ ਤਨਖਾਹਾਂ ਦੇ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਅਸ਼ੋਕ ਲੇਅਲੈਂਡ ਕੰਪਨੀ ਦਾ ਕਹਿਣਾ ਹੈ ਕਿ ਇਹ ਡਰਾਈਵਰ ਕਿਸੇ ਦੂਸਰੀ ਕੰਪਨੀ ਤੋਂ ਲਏ ਗਏ ਹਨ।
ਜਾਣਕਾਰੀ ਮੁਤਾਬਕ ਡਰਾਈਵਰਾਂ ਦੀ ਇਸ ਹੜਤਾਲ ਕਰਕੇ 40 ਇਲੈਕਟ੍ਰਿਕ ਬੱਸਾਂ ਖੜ੍ਹ ਗਈਆਂ ਹਨ ਜਿਸ ਕਰਕੇ ਸਵਾਰੀਆਂ ਨੂੰ ਗਰਮੀ ਦੇ ਇਸ ਮੌਸਮ ਵਿੱਚ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੀ.ਟੀ.ਯੂ. ਕੰਡਕਟਰਜ਼ ਯੂਨੀਅਨ ਦੇ ਜਨਰਲ ਸਕੱਤਰ ਸਤਿੰਦਰ ਸਿੰਘ ਨੇ ਕਿਹਾ ਕਿ ਹੜਤਾਲੀ ਡਰਾਈਵਰਾਂ ਨੂੰ ਡੀ.ਸੀ. ਰੇਟ ਮੁਤਾਬਕ ਤਨਖਾਹਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਸ਼ੋਸ਼ਣ ਕਰਨ ਵਾਲੀ ਕੰਪਨੀ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਉਕਤ ਕੰਪਨੀ ਦੀਆਂ ਇਲੈਕਟ੍ਰਿਕ ਬੱਸਾਂ ਕੁੱਲ 6 ਰੂਟਾਂ ਜਿਨ੍ਹਾਂ ਵਿੱਚ ਆਈ.ਐੱਸ.ਬੀ.ਟੀ.-43 ਤੋਂ ਖੁੱਡਾ ਅਲੀਸ਼ੇਰ, ਆਈ.ਟੀ. ਪਾਰਕ, ਪੰਜਾਬ ਸਿਵਲ ਸਕੱਤਰੇਤ, ਸੁਖਨਾ ਝੀਲ, ਨਿਊ ਮਲੋਇਆ ਕਲੋਨੀ ਤੋਂ ਰਾਏਪੁਰ ਕਲਾਂ, ਨਿਊ ਮਲੋਆ ਕਾਲੋਨੀ ਤੋਂ ਰਾਮ ਦਰਬਾਰ ਸ਼ਾਮਿਲ ਹਨ, ਵਾਸਤੇ ਸੇਵਾ ਦਿੰਦੀਆਂ ਸਨ ਜੋ ਕਿ ਹੜਤਾਲ ਕਰਕੇ ਰੂਟ ਬੰਦ ਹੋ ਗਏ ਹਨ।
ਇਕਰਾਰਨਾਮੇ ਮੁਤਾਬਕ ਕੰਪਨੀ ਨੂੰ ਕੀਤਾ ਜਾਵੇਗਾ ਜੁਰਮਾਨਾ : ਡਾਇਰੈਕਟਰ
ਸੀਟੀਯੂ ਦੇ ਡਾਇਰੈਕਟਰ ਪ੍ਰਦੁੱਮਣ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਲੋਕਾਂ ਦੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਆਪਣੀਆਂ 24 ਬੱਸਾਂ ਸੜਕਾਂ ਉਤੇ ਚਲਾਈਆਂ ਗਈਆਂ ਹਨ ਅਤੇ ਡਰਾਈਵਰ ਵੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਸ਼ੋਕ ਲੇਅਲੈਂਡ ਕੰਪਨੀ ਕੋਲੋਂ ਇਹ ਬੱਸਾਂ ਡਰਾਈਵਰਾਂ ਸਮੇਤ ਲਈਆਂ ਗਈਆਂ ਸਨ ਪ੍ਰੰਤੂ ਹੁਣ ਇਸ ਹੜਤਾਲ ਦੌਰਾਨ ਹੋਣ ਵਾਲੇ ਨੁਕਸਾਨ ਦੀ ਭਰਪਾਈ ਦੇ ਬਦਲੇ ਕੰਪਨੀ ਨੂੰ ਇਕਰਾਰਨਾਮੇ ਦੀਆਂ ਸ਼ਰਤਾਂ ਮੁਤਾਬਕ ਜੁਰਮਾਨਾ ਕੀਤਾ ਜਾਵੇਗਾ।