ਸਿੱਧੂ ਦਾ ਅਨੁਵਾਦਿਤ ਨਾਵਲ ‘ਦੱਤਾ’ ਰਿਲੀਜ਼
ਪਰਸ਼ੋਤਮ ਬੱਲੀ
ਬਰਨਾਲਾ, 6 ਜਨਵਰੀ
ਡੈਨਮਾਰਕ ਵਾਸੀ ਜਗਮੇਲ ਸਿੱਧੂ ਦਾ ਨਵਾਂ ਅਨੁਵਾਦਿਤ ਨਾਵਲ ‘ਦੱਤਾ’ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੇ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਸਥਾਨਕ ਚਿੱਟੂ ਪਾਰਕ ਵਿੱਚ ਰਿਲੀਜ਼ ਕੀਤਾ।
ਰਿਲੀਜ਼ ਰਸਮ ਉਪਰੰਤ ਪੁਸਤਕ ਬਾਰੇ ਚੌਹਾਨ ਨੇ ਕਿਹਾ ਕਿ ਸਿੱਧੂ ਪਿਛਲੇ ਤਿੰਨ ਚਾਰ ਸਾਲਾਂ ਤੋਂ ਅਨੁਵਾਦ ਦੇ ਖੇਤਰ ਵਿਚ ਸਰਗਰਮ ਹਨ। ਉਨ੍ਹਾਂ ਨੇ ਪੰਜਾਬੀ ਪਾਠਕਾਂ ਵਿੱਚ ਜੀਵਨ ਦੀਆਂ ਮਿਆਰੀ ਕਦਰਾਂ-ਕੀਮਤਾਂ ਸਥਾਪਿਤ ਕਰਨ ਲਈ ਬੰਗਾਲੀ ਦੇ ਪ੍ਰਸਿੱਧ ਲੇਖਕ ਸ਼ਰਤ ਚੰਦਰ ਚਟੋਪਾਧਿਆਏ ਦੇ ਕਈ ਨਾਵਲ ਪੰਜਾਬੀ ਵਿੱਚ ਅਨੁਵਾਦ ਕੀਤੇ ਹਨ। ਜਿਸ ਵਿਚ ਉਨ੍ਹਾਂ ਦੇ ‘ਦੇਵਦਾਸ’ ਨਾਵਲ ਵੀ ਸ਼ਾਮਲ ਹੈ। ਇਸ ਮੌਕੇ ਸ੍ਰੀ ਸਿੱਧੂ ਨੇ ਕਿਹਾ ਕਿ ਉਹ ਅਨੁਵਾਦ ਦੇ ਖੇਤਰ ਵਿਚ ਕਿਸੇ ਵਕਤੀ ਲਾਹੇ ਲਈ ਨਹੀਂ ਆਏ, ਸਗੋਂ ਪਾਠਕਾਂ ਦੇ ਅਧਿਐਨ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਆਪਸੀ ਭਾਈਚਾਰੇ ਦੀ ਬੁਨਿਆਦ ਸੰਵੇਦਨਾ ਅਤੇ ਸੁਹਿਰਦਮਈ ਬਣਾਉਣ ਦੇ ਯਤਨ ਕਰਨ ਲਈ ਆਏ ਹਨ। ਇਸ ਮੌਕੇ ਪੰਜਾਬੀ ਲੇਖਕ ਤੇਜਿੰਦਰ ਚੰਡਿਹੋਕ ਅਤੇ ਮਾਲਵਿੰਦਰ ਸ਼ਾਇਰ ਨੇ ਵੀ ਸਿੱਧੂ ਅਤੇ ਅਤੇ ਪੰਜਾਬੀ ਵਿਚ ਹੋ ਰਹੇ ਅਨੁਵਾਦ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸਾਹਿਤਕ ਗੀਤ ਅਤੇ ਗ਼ਜ਼ਲਾਂ ਗਾਉਣ ਵਾਲੇ ਲਛਮਣ ਦਾਸ ਮੁਸਾਫ਼ਿਰ ਅਤੇ ਪਾਲ ਸਿੰਘ ਲਹਿਰੀ ਨੇ ਸਾਹਿਤਕ ਮਾਹੌਲ ਗਰਮਾਇਆ। ਕਹਾਣੀਕਾਰ ਅਤੇ ਨਾਵਲਕਾਰ ਦਰਸ਼ਨ ਸਿੰਘ ਗੁਰੂ ਨੇ ਵੀ ਵਿਚਾਰ ਪੇਸ਼ ਕੀਤੇ।