ਸਿੱਖ ਅਜਾਇਬ ਘਰ ’ਚ ਲੱਗੀ ਪ੍ਰਦਰਸ਼ਨੀ ਬਣੀ ਖਿੱਚ ਦਾ ਕੇਂਦਰ
ਪੱਤਰ ਪ੍ਰੇਰਕ
ਮਾਛੀਵਾੜਾ, 24 ਦਸੰਬਰ
ਇਤਿਹਾਸਕ ਜੋੜ ਮੇਲ ’ਤੇ ਪੁੱਜੀ ਸੰਗਤ ਗੁਰੂ ਘਰ ਨੇੜੇ ਹੀ ਸਥਿਤ ਧਾਰਮਿਕ ਚਿੱਤਰਾਂ ਦੇ ਦਰਸ਼ਨ ਵੀ ਕਰ ਰਹੀਆਂ ਹਨ। ਇਨ੍ਹਾਂ ਧਾਰਮਿਕ ਚਿੱਤਰਾਂ ਨੂੰ ਤਿਆਰ ਕਰਨ ਵਾਲੇ ਚਿੱਤਰਕਾਰ ਜਗਦੀਸ਼ ਸਿੰਘ ਬਰਾੜ ਨੇ ਦੱਸਿਆ ਕਿ ਸਿੱਖ ਅਜਾਇਬ ਘਰ ਵਿੱਚ ਲੱਗੀ ਇਸ ਪ੍ਰਦਰਸ਼ਨੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਲੈ ਕੇ ਸ੍ਰੀ ਦਮਦਮਾ ਸਾਹਿਬ ਤੱਕ ਦੇ ਇਤਿਹਾਸ ਦਾ ਵਰਨਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਧਾਰਮਿਕ ਚਿੱਤਰਾਂ ਨੂੰ ਦੇਖ ਕੇ ਸੰਗਤ ਅਤੇ ਖਾਸ ਕਰ ਨੌਜਵਾਨ ਪੀੜ੍ਹੀ ਜਿੱਥੇ ਆਪਣੇ ਇਤਿਹਾਸ ਨਾਲ ਜੁੜ ਰਹੀਆਂ ਹਨ ਉੱਥੇ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਤੋਂ ਵੀ ਜਾਣੂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਲੈ ਕੇ ਰਸਤੇ ਵਿਚ ਜੋ ਵੀ ਘਟਨਾਵਾਂ ਹੋਈਆਂ ਅਤੇ ਮਾਛੀਵਾੜਾ ਦੇ ਜੰਗਲਾਂ ਤੋਂ ਲੈ ਕੇ ਸ੍ਰੀ ਦਮਦਮਾ ਸਾਹਿਬ ਪੁੱਜਣ ਦਾ ਸਾਰਾ ਇਤਿਹਾਸ ਇਸ ਅਜਾਇਬ ਘਰ ਵਿਚ ਦੇਖਿਆ ਜਾ ਸਕਦਾ ਹੈ। ਜਗਦੀਸ਼ ਸਿੰਘ ਨੇ ਦੱਸਿਆ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਚਿੱਤਰ ਫਤਹਿਗੜ੍ਹ ਸਾਹਿਬ ਸ਼ਹੀਦੀ ਜੋੜ ਮੇਲ ਪ੍ਰਦਰਸ਼ਨੀ ’ਤੇ ਲਗਾਏ ਜਾਂਦੇ ਹਨ।