ਸਿੱਖ ਅਜਾਇਬ ਘਰ ’ਚ ਮਨਮੋਹਨ ਸਿੰਘ ਦੀ ਤਸਵੀਰ ਲਾਉਣ ਦਾ ਵਿਰੋਧ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 14 ਮਈ
ਸ਼੍ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੱਲ੍ਹ ਪੰਜ ਸਿੱਖਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਜਿਸ ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਨਾਂ ਵੀ ਸ਼ਾਮਲ ਹੈ। ਸ਼੍ਰੋਮਣੀ ਕਮੇਟੀ ਦੇ ਇਸ ਫ਼ੈਸਲੇ ਦਾ ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਵਿਰੋਧ ਕੀਤਾ ਹੈ।
ਦਲ ਖ਼ਾਲਸਾ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਨੂੰ ਦੁਨੀਆ ਵਿੱਚ ਬੇਸ਼ੱਕ ਦਸਤਾਰ ਬੰਨ੍ਹਣ ਕਰਕੇ ਇਕ ਸਿੱਖ ਵਜੋਂ ਵੇਖਿਆ ਜਾਂਦਾ ਹੈ ਪਰ ਅਸਲ ਵਿੱਚ ਡਾ. ਸਿੰਘ ਨੇ ਆਪਣੀ ਪੂਰੀ ਜ਼ਿੰਦਗੀ ਸਿੱਖ ਕੌਮ ਦੀ ਕੋਈ ਸੇਵਾ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਉਹ 10 ਸਾਲ ਤੱਕ ਭਾਰਤ ਦੇ ਉੱਚ ਅਹੁਦੇ ’ਤੇ ਰਹੇ ਪਰ ਸਿੱਖ ਹਿੱਤਾਂ ਅਤੇ ਪਛਾਣ ਦੀ ਕੋਈ ਵੀ ਸੇਵਾ ਨਹੀਂ ਕੀਤੀ। ਉਨ੍ਹਾਂ ਦੀ ਤਸਵੀਰ ਲਈ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਕੋਈ ਜਗ੍ਹਾ ਨਹੀਂ ਬਣਦੀ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਯਾਦ ਕਰਵਾਇਆ ਕਿ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਵਿੱਚ ਭਾਈ ਗਜਿੰਦਰ ਸਿੰਘ ਦੀ ਅੰਤਿਮ ਅਰਦਾਸ ਮੌਕੇ ਸਮੁੱਚੇ ਪੰਥ ਸਾਹਮਣੇ ਉਸ ਵੇਲੇ ਦੇ ਜਥੇਦਾਰ ਅਕਾਲ ਤਖ਼ਤ ਗਿਆਨੀ ਰਘਬੀਰ ਸਿੰਘ ਨੇ ਕਮੇਟੀ ਨੂੰ ਕਿਹਾ ਸੀ ਕਿ ਕਮੇਟੀ ਭਾਈ ਹਰਦੀਪ ਸਿੰਘ ਨਿੱਝਰ, ਪਰਮਜੀਤ ਸਿੰਘ ਪੰਜਵੜ ਅਤੇ ਗਜਿੰਦਰ ਸਿੰਘ ਦੀ ਤਸਵੀਰ ਅਜਾਇਬ ਘਰ ਵਿੱਚ ਸਥਾਪਤ ਕਰੇ। ਉਨ੍ਹਾਂ ਪੁੱਛਿਆ ਕਿ ਅਕਾਲ ਤਖ਼ਤ ਦੇ ਉਸ ਫ਼ੈਸਲੇ ਦਾ ਕੀ ਬਣਿਆ ਤੇ ਉਸ ਨੂੰ ਕਿਉਂ ਅਣਗੌਲਿਆ ਕੀਤਾ ਗਿਆ।