ਸਿੱਖਿਆ ਸਕੱਤਰ ਵੱਲੋਂ ਰਾਜਪੁਰਾ ਦੇ ਸਕੂਲਾਂ ਦਾ ਦੌਰਾ
ਸਿੱਖਿਆ ਵਿਭਾਗ ਦੇ ਸਕੱਤਰ ਸਕੂਲ ਸਿੱਖਿਆ ਕਮਲ ਕਿਸ਼ੋਰ ਯਾਦਵ ਨੇ ਜ਼ਿਲ੍ਹਾ ਪਟਿਆਲਾ ਬਲਾਕ ਰਾਜਪੁਰਾ ਵਿੱਚ ਪੈਂਦੇ ਪੇਂਡੂ ਖੇਤਰ ਦੇ ਪੀ.ਐੱਮ. ਸਰਕਾਰੀ ਹਾਈ ਸਕੂਲ ਢਕਾਨਸੂ ਕਲਾਂ ਅਤੇ ਹੋਰ ਸਕੂਲਾਂ ਦਾ ਦੌਰਾ ਕੀਤਾ ਜਿੱਥੇ ਉਹਨਾਂ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਢਕਾਨਸੂ ਕਲਾਂ ਦੇ ਹਾਈ ਸਕੂਲ ਦੀ ਈ-ਲਾਇਬ੍ਰੇਰੀ ਅਤੇ ਮਿਨੀ ਸਾਇੰਸ ਸੈਂਟਰ ਵੀ ਦੇਖਿਆ। ਸਕੱਤਰ ਸਕੂਲ ਸਿੱਖਿਆ ਕਮਲ ਕਿਸ਼ੋਰ ਯਾਦਵ ਨੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਗੱਲਬਾਤ ਵੀ ਕੀਤੀ ਅਤੇ ਬੱਚਿਆਂ ਦੀ ਪੜ੍ਹਾਈ ਦੇ ਮਿਆਰ ਸਬੰਧੀ ਗੱਲਬਾਤ ਵੀ ਕੀਤੀ। ਸਕੂਲ ਵਿੱਚ ਕਰਵਾਏ ਵਿੱਦਿਅਕ ਮੇਲੇ ਦੌਰਾਨ ਬੱਚਿਆਂ ਵੱਲੋਂ ਬਣਾਏ ਗਏ ਗਣਿਤ ਅਤੇ ਸਮਾਜਿਕ ਸਿੱਖਿਆ ਵਿਸ਼ਿਆਂ ਦੇ ਵਰਕਿੰਗ ਮਾਡਲ, ਆਡੀਓ-ਵੀਜ਼ੂਅਲ ਏਡ ਅਤੇ ਚਾਰਟ ਦੇਖੇ। ਉਨ੍ਹਾਂ ਬੱਚਿਆਂ ਵੱਲੋਂ ਦਿੱਤੀ ਗਈ ਪੇਸ਼ਕਾਰੀ ਲਈ ਬੱਚਿਆਂ, ਅਧਿਆਪਕਾਂ ਅਤੇ ਸਕੂਲ ਮੁਖੀ ਦੀ ਸ਼ਲਾਘਾ ਵੀ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜੀਵ ਕੁਮਾਰ ਡੀ.ਐੱਸ.ਐੱਮ ਪਟਿਆਲਾ ਕਮ ਹੈੱਡ ਮਾਸਟਰ ਪੀ.ਐੱਮ. ਸਰਕਾਰੀ ਹਾਈ ਸਕੂਲ ਢਕਾਨਸੂ ਕਲਾਂ ਨੇ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਪੰਜਾਬ ਕਮਲ ਕਿਸ਼ੋਰ ਯਾਦਵ ਦੇ ਨਾਲ ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਅਤੇ ਸ਼ਾਲੂ ਮਹਿਰਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਪਟਿਆਲਾ ਨੇ ਵੀ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਮਾਪਿਆਂ ਤੋਂ ਵੀ ਸਕੂਲ ਦੀ ਪੜ੍ਹਾਈ ਸਬੰਧੀ ਫੀਡ ਬੈਕ ਲਈ। ਇਸ ਮੌਕੇ ਹਰਪ੍ਰੀਤ ਸਿੰਘ ਬਲਾਕ ਨੋਡਲ ਅਫ਼ਸਰ ਬਲਾਕ ਰਾਜਪੁਰਾ-2, ਪਿੰਡ ਦੇ ਨਵੇਂ ਬਣੇ ਸਰਪੰਚ ਦਲਜੀਤ ਸਿੰਘ ਅਤੇ ਪਿੰਡ ਦੀ ਸਮੂਹ ਪੰਚਾਇਤ, ਜਸਪਾਲ ਸ਼ਰਮਾ, ਦਲਜੀਤ ਸਿੰਘ, ਸਕੂਲ ਦਾ ਸਮੂਹ ਸਟਾਫ਼ ਅਤੇ ਪਿੰਡ ਦੇ ਪਤਵੰਤੇ ਮੌਜੂਦ ਸਨ।