ਰਾਜਪੁਰਾ ਤੋਂ ਚੰਡੀਗੜ੍ਹ ਅਤੇ ਰਾਜਸਥਾਨ ਤੇ ਬਠਿੰਡਾ ਨੂੰ ਰੇਲ ਲਿੰਕ ਨਾਲ ਜੋੜਿਆ ਜਾਵੇ: ਬਡੂੰਗਰ
ਪਟਿਆਲਾ (ਖੇਤਰੀ ਪ੍ਰਤੀਨਿਧ):
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਕੇਂਦਰ ਸਰਕਾਰ ਤੋਂ ਪੰਜਾਬ ਨਾਲ ਲੱਗਦੇ ਸੂਬਿਆਂ ਨੂੰ ਰੇਲ ਲਿੰਕ ਨਾਲ ਜੋੜਨ ਦੀ ਮੰਗ ਕੀਤੀ ਹੈ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਲਿਖਤੀ ਪੱਤਰ ਭੇਜ ਨੇ ਉਨ੍ਹਾਂ ਕਿਹਾ ਕਿ ਸੂਬੇ ਨਾਲ ਲੱਗਦੇ ਰਾਜਾਂ ਦਾ ਰੇਲ ਲਿੰਕ ਨਾ ਹੋਣ ਕਾਰਨ ਯਾਤਰੀਆਂ ਤੇ ਵਪਾਰੀਆਂ ਨੂੰ ਲੰਬੇ ਸਫ਼ਰ ਲਈ ਬੱਸਾਂ ਵਿੱਚ ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀ ਇਸ ਮੰਗ ’ਤੇ ਗ਼ੌਰ ਕੀਤਾ ਜਾਂਦਾ ਹੈ ਤਾਂ ਰਾਜਪੁਰਾ ਤੋਂ ਚੰਡੀਗੜ੍ਹ ਅਤੇ ਪਟਿਆਲਾ ਤੋਂ ਸਮਾਣਾ, ਪਾਤੜਾਂ, ਟੋਹਾਣਾ ਤੇ ਜਾਖਲ ਸਣੇ ਰਾਜਸਥਾਨ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲ ਸਕਦੀ ਹੈ। ਇਸ ਨਾਲ ਚੰਡੀਗੜ੍ਹ, ਪੰਜਾਬ ਅਤੇ ਰਾਜਸਥਾਨ ਦਾ ਰੇਲ ਲਿੰਕ ਬਣ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰੂਟਾਂ ’ਤੇ ਰਾਜਸਥਾਨ ’ਚ ਅਨੂਪਗੜ੍ਹ ਸਰੂਪਸਰ ਗੁਰਦੁਆਰਾ ਬੁੱਢਾ ਜੌਹੜ, ਸੁੂਰਤਗੜ੍ਹ, ਹਨੂਮਾਨਗੜ੍ਹ, ਮੰਡੀ ਡੱਬਵਾਲੀ ਤੋਂ ਇਲਾਵਾ ਬਠਿੰਡਾ ਨਾਲ ਲੱਗਦੇ ਕਸਬਿਆਂ ’ਚ ਰਾਮਾਂਮੰਡੀ, ਗੁਰਦੁਆਰਾ ਦਮਦਮਾ ਸਾਹਿਬ, ਸਿਰਸਾ, ਹਿਸਾਰ, ਜਾਖਲ, ਖਨੌਰੀ ਅਤੇ ਸਮਾਣਾ ਤੇ ਪਟਿਆਲਾ ਦੀਆਂ ਇਤਿਹਾਸਕ ਥਾਵਾਂ ਸ਼ਾਮਲ ਸਨ। ਉਨ੍ਹਾਂ ਕਿਹਾ ਕਿ 1977 ਤੋਂ 1980 ਦਰਮਿਆਨ ਰੇਲਵੇ ਯੂਜ਼ਰਜ ਬੋਰਡ ’ਚ ਬਤੌਰ ਮੈਂਬਰ ਹੁੰਦਿਆਂ ਉਨ੍ਹਾਂ ਨੇ ਕੇਂਦਰ ਦੀ ਤਤਕਾਲੀ ਸਰਕਾਰ ਕੋਲ ਰੇਲ ਲਿੰਕ ਕਾਇਮ ਕਰਨ ਲਈ ਪ੍ਰਾਜੈਕਟ ਤਿਆਰ ਕਰਵਾ ਕੇ ਭੇਜਿਆ ਸੀ। ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਵੱਲੋਂ ਵੀ ਇਸੇ ਮਕਸਦ ਲਈ ਸਾਲ 1932 ਵਿੱਚ ਸਰਵੇ ਕਰਵਾਇਆ ਗਿਆ ਸੀ।