ਸਿੱਖਿਆ ਵਿਭਾਗ ਨੇ ਪੰਜਾਬ ਤੋਂ ਅਧਿਆਪਕਾਂ ਦਾ ਪੈਨਲ ਮੰਗਿਆ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 3 ਦਸੰਬਰ
ਯੂਟੀ ਦੇ ਸਿੱਖਿਆ ਵਿਭਾਗ ਨੇ ਪੰਜਾਬ ਤੋਂ ਡੈਪੂਟੇਸ਼ਨ ’ਤੇ ਅਧਿਆਪਕ ਦਾ ਪੈਨਲ ਮੰਗਿਆ ਹੈ। ਇਸ ਸਬੰਧੀ 45 ਅਧਿਆਪਕਾਂ ਨੂੰ ਪੱਤਰ ਭੇਜਿਆ ਗਿਆ ਹੈ। ਇਨ੍ਹਾਂ ਅਧਿਆਪਕਾਂ ਦੀ ਇੰਟਰਵਿਊ ਯੂਟੀ ਸਕੱਤਰੇਤ ਵਿੱਚ 6 ਦਸੰਬਰ ਨੂੰ ਹੋਵੇਗੀ ਜਿਸ ਤੋਂ ਬਾਅਦ ਯੋਗ ਅਧਿਆਪਕਾਂ ਦੀ ਚੋਣ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਨੇ ਪੰਜਾਬ ਤੋਂ 45 ਈਟੀਟੀ ਅਧਿਆਪਕਾਂ ਨੂੰ ਸੱਦਿਆ ਹੈ ਜਿਨ੍ਹਾਂ ਦੀ ਚੋਣ ਚੰਡੀਗੜ੍ਹ ਵਿਚ ਜੇਬੀਟੀ ਅਧਿਆਪਕ ਵਜੋਂ ਹੋਵੇਗੀ। ਇਨ੍ਹਾਂ ਅਧਿਆਪਕਾਂ ਨੂੰ ਦੋ ਸ਼ਿਫਟਾਂ ਵਿੱਚ ਸੱਦਿਆ ਗਿਆ ਹੈ। ਪਹਿਲੀ ਸ਼ਿਫਟ ਵਿਚ ਸੀਰੀਅਲ ਨੰਬਰ ਇੱਕ ਤੋਂ 25 ਤਕ ਅਧਿਆਪਕਾਂ ਨੂੰ ਸਵੇਰੇ ਸਾਢੇ ਨੌਂ ਵਜੇ ਸੱਦਿਆ ਗਿਆ ਹੈ ਜਦੋਂਕਿ ਇਸ ਤੋਂ ਬਾਅਦ ਵਾਲੇ ਅਧਿਆਪਕਾਂ ਨੂੰ ਪੌਣੇ ਗਿਆਰਾਂ ਤੋਂ ਬਾਅਦ ਸੱਦਿਆ ਗਿਆ ਹੈ। ਇਸ ਸਬੰਧੀ ਪੱਤਰ ਦੀ ਕਾਪੀ ‘ਪੰਜਾਬੀ ਟ੍ਰਿਬਿਊਨ’ ਕੋਲ ਮੌਜੂਦ ਹੈ।
ਯੂਟੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਧਿਆਪਕਾਂ ਨੂੰ ਆਪਣੀ ਪਿਛਲੀ ਪੰਜ ਸਾਲ ਦੀ ਏਸੀਆਰ ਤੇ ਪਿਛਲੇ ਸਾਲਾਂ ਦੇ ਦਿੱਤੇ ਨਤੀਜਿਆਂ ਦੀਆਂ ਰਿਪੋਰਟਾਂ ਦੇਣ ਲਈ ਵੀ ਕਿਹਾ ਜਾਵੇਗਾ। ਦੱਸਣਯੋਗ ਹੈ ਕਿ ਯੂਟੀ ਵਿੱਚ ਡੈਪੂਟੇਸ਼ਨ ਦਾ ਕੋਟਾ ਪੰਜਾਬ ਲਈ 60 ਫ਼ੀਸਦੀ ਤੇ ਹਰਿਆਣਾ ਦਾ 40 ਫ਼ੀਸਦੀ ਹੈ।
ਯੂਟੀ ਕੇਡਰ ਐਜੂਕੇਸ਼ਨਲ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਡੈਪੂਟੇਸ਼ਨ ਉੱਤੇ ਅਧਿਆਪਕ ਆ ਹੀ ਰਹੇ ਹਨ ਜਦੋਂਕਿ ਵਾਪਸ ਕੋਈ ਵੀ ਨਹੀਂ ਜਾ ਰਿਹਾ। ਇਸ ਕਰ ਕੇ ਮਿਆਦ ਪੁਗਾ ਚੁੱਕੇ ਅਧਿਆਪਕਾਂ ਨੂੰ ਵਾਪਸ ਭੇਜਿਆ ਜਾਣਾ ਚਾਹੀਦਾ ਹੈ ਤਾਂ ਕਿ ਸਥਾਨਕ ਅਧਿਆਪਕਾਂ ਦੀਆਂ ਤਰੱਕੀਆਂ ਵਿੱਚ ਰੁਕਾਵਟ ਨਾ ਪਵੇ। ਜਾਣਕਾਰੀ ਅਨੁਸਾਰ ਕੋਈ ਵੀ ਅਧਿਆਪਕ ਨਿਯਮਾਂ ਅਨੁਸਾਰ ਡੈਪੂਟੇਸ਼ਨ ’ਤੇ ਪੰਜ ਸਾਲ ਤਕ ਤਾਇਨਾਤ ਰਹਿ ਸਕਦਾ ਹੈ ਤੇ ਕਿਸੇ ਮਜਬੂਰੀ ਕਾਰਨ ਇਹ ਮਿਆਦ ਵਧਾਈ ਜਾ ਸਕਦੀ ਹੈ।
ਹਰਿਆਣਾ ਤੋਂ ਵੀ ਅਧਿਆਪਕਾਂ ਦਾ ਪੈਨਲ ਮੰਗਿਆ
ਯੂਟੀ ਦੇ ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਮਿਆਰੀ ਪੜ੍ਹਾਈ ਮੁਹੱਈਆ ਕਰਵਾਈ ਜਾਵੇਗੀ ਤੇ ਕਿਸੇ ਵੀ ਸਕੂਲ ਵਿਚ ਅਧਿਆਪਕਾਂ ਦੀ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਰਿਆਣਾ ਤੋਂ ਵੀ ਅਧਿਆਪਕਾਂ ਦਾ ਪੈਨਲ ਮੰਗਿਆ ਗਿਆ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਕਈ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਹੈ ਜਿਸ ਕਾਰਨ ਸੀਬੀਐਸਈ ਵਲੋਂ ਨਿਰਧਾਰਿਤ ਨਿਯਮਾਂ ਤੋਂ ਵੱਧ ਵਿਦਿਆਰਥੀ ਇਕ ਜਮਾਤ ਵਿਚ ਸਿੱਖਿਆ ਲੈ ਰਹੇ ਹਨ।