ਸਿੱਖਿਆ ਕ੍ਰਾਂਤੀ ਪ੍ਰੋਗਰਾਮ ਦੌਰਾਨ ਵਿਧਾਇਕ ਸਿੰਗਲਾ ਦਾ ਵਿਰੋਧ
ਜੋਗਿੰਦਰ ਸਿੰਘ ਮਾਨ
ਮਾਨਸਾ, 15 ਅਪਰੈਲ
ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਪਿੰਡ ਬੁਰਜ ਹਰੀ ਵਿੱਚ ਗਏ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਦਾ ਪਿੰਡ ਦੀ ਇੱਕ ਧਿਰ ਵੱਲੋਂ ਵਿਰੋਧ ਕੀਤਾ ਗਿਆ। ਇਸ ਵਿਰੋਧ ਦੌਰਾਨ ਇੱਕ ਔਰਤ ਦੀ ਕੁੱਟਮਾਰ ਦਾ ਮਾਮਲਾ ਵੀ ਸਾਹਮਣੇ ਆਇਆ ਹੈ ਅਤੇ ਔਰਤ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਪਿੰਡ ਵਿੱਚ ਅਕਾਲੀ ਦਲ ਨਾਲ ਸਬੰਧਤ ਪੰਚਾਇਤ ਹੈ, ਜਿਸ ਦਾ ਕੁਝ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਪਿੰਡ ਵਿਚਲੇ ਵਰਕਰਾਂ ਨਾਲ ਆਪਸੀ ਕਾਟੋ-ਕਲੇਸ਼ ਚਲਿਆ ਆ ਰਿਹਾ ਹੈ। ਅੱਜ ਦੀ ਲੜਾਈ ਵੀ ਉਸੇ ਕਲੇਸ਼ ਦਾ ਹਿੱਸਾ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਇਹ ਲੜਾਈ ਉਸ ਵੇਲੇ ਹੋਈ, ਜਦੋਂ ਵਿਧਾਇਕ ਵਿਜੈ ਸਿੰਗਲਾ ਸਮਾਗਮ ਦੀ ਸਮਾਪਤੀ ਤੋਂ ਬਾਅਦ ਵਾਪਸ ਜਾਣ ਲੱਗੇ ਸਨ। ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਪੰਚਾਇਤ ਮੈਂਬਰ ਬੀਬੀ ਨਾਲ ਕਥਿਤ ਗਾਲੀ-ਗਲੋਚ ਕੀਤਾ ਅਤੇ ਸੂਚਕ ਸ਼ਬਦ ਬੋਲੇ ਗਏ ਹਨ।
ਵੇਰਵਿਆਂ ਅਨੁਸਾਰ ਮਾਨਸਾ ਨੇੜਲੇ ਪਿੰਡ ਬੁਰਜ ਹਰੀ, ਤਾਮਕੋਟ, ਠੂਠਿਆਂਵਾਲੀ ਦੇ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਤਹਿਤ ਰੱਖੇ ਪ੍ਰੋਗਰਾਮ ਦੌਰਾਨ ਵਿਧਾਇਕ ਡਾ. ਵਿਜੈ ਸਿੰਗਲਾ ਗਏ ਸਨ, ਜਿਨ੍ਹਾਂ ਵਿਚੋਂ ਪਿੰਡ ਬੁਰਜ ਹਰੀ ਵਿੱਚ ਪਿੰਡ ਦੀ ਇੱਕ ਧਿਰ ਵੱਲੋਂ ਸਮਾਗਮ ਦੀ ਸਮਾਪਤੀ ਤੋਂ ਬਾਅਦ ਉਨ੍ਹਾਂ ਦਾ ਵਿਰੋਧ ਕੀਤਾ ਗਿਆ।
ਪਿੰਡ ਦੇ ਇੱਕ ਵਿਅਕਤੀ ਗੁਰਦੇਵ ਸਿੰਘ, ਨੌਂਦਰ ਸਿੰਘ ਅਤੇ ਸਰਪੰਚ ਸੁਖਜੀਤ ਕੌਰ ਨੇ ਦੱਸਿਆ ਕਿ ਜਦੋਂ ਉਹ ਸਮਾਗਮ ਦੀ ਸਮਾਪਤੀ ਸਮੇਂ ਵਿਧਾਇਕ ਕੋਲ ਪਿੰਡ ਦੇ ਰੁਕੇ ਹੋਏ ਵਿਕਾਸ ਕੰਮਾਂ ਲਈ ਗਏ ਸਨ ਤਾਂ ਉਥੇ ਪਿੰਡ ਦੀ ਪੰਚਾਇਤ ਮੈਂਬਰ ਜਸਵੀਰ ਕੌਰ ਨੂੰ ਇੱਕ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਗੁੱਸੇ ਵਿੱਚ ਆ ਕੇ ਮਾੜੇ ਸ਼ਬਦ ਬੋਲੇ ਗਏ ਅਤੇ ਇਸ ਬਹਿਸ ਦੌਰਾਨ ਜਸਵੀਰ ਕੌਰ ਨਾਲ ਧੱਕਾ-ਮੁੱਕੀ ਹੋ ਗਈ, ਜਿਸ ਦੌਰਾਨ ਉਸ ਦੀ ਕੁੱਟਮਾਰ ਵੀ ਕੀਤੀ ਗਈ। ਉਨ੍ਹਾਂ ਦੋਸ਼ ਲਾਏ ਕਿ ਕੁੱਟਮਾਰ ਕਰਨ ਵੇਲੇ ਵਿਧਾਇਕ ਵੀ ਕੋਲ ਖੜ੍ਹੇ ਸਨ। ਉਨ੍ਹਾਂ ਕਿਹਾ ਕਿ ਬਾਅਦ ਵਿੱਚ ਜਸਵੀਰ ਕੌਰ ਨੂੰ ਸਿਵਲ ਹਸਪਤਾਲ ਮਾਨਸਾ ਵਿੱਚ ਦਾਖ਼ਲ ਕਰਵਾਇਆ ਗਿਆ।
ਜ਼ਿਕਰਯੋਗ ਹੈ ਕਿ ਪਿੰਡ ਬੁਰਜ ਹਰੀ ਵਿੱਚ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਪੰਚਾਇਤ ਦਾ ਆਪਸ ਵਿੱਚ ਪਹਿਲਾਂ ਵੀ ਪਿੰਡ ਵਿੱਚ ਦਰੱਖ਼ਤਾਂ ਦੀ ਕਟਾਈ ਨੂੰ ਲੈ ਕੇ ਰੌਲਾ ਚੱਲਿਆ ਰਿਹਾ ਹੈ ਅਤੇ ਇੱਕ ਅਕਾਲੀ ਆਗੂ ’ਤੇ ਪਰਚਾ ਦਰਜ ਹੋਣ ’ਤੇ ਵਿਧਾਇਕ ਦੀ ਰਿਹਾਇਸ਼ ਦਾ ਘਿਰਾਓ ਵੀ ਕੀਤਾ ਗਿਆ ਹੈ।
ਅਕਾਲੀਆਂ ਨੇ ਡਰਾਮੇਬਾਜ਼ੀ ਕੀਤੀ: ਵਿਧਾਇਕ
ਵਿਧਾਇਕ ਡਾ. ਵਿਜੈ ਸਿੰਗਲਾ ਨੇ ਦੱਸਿਆ ਕਿ ਪਿੰਡ ਵਿੱਚ ਬੜੇ ਹੀ ਸਾਰਥਕ ਮਾਹੌਲ ’ਚ ਗੱਲਬਾਤ ਹੋਈ ਅਤੇ ਸਮਾਗਮ ਵਾਂਗ ਸਮਾਪਿਤ ਹੋਇਆ ਅਤੇ ਬਾਅਦ ਵਿੱਚ ਅਕਾਲੀ ਦਲ ਦੇ ਕੁਝ ਆਗੂਆਂ ਵੱਲੋਂ ਪ੍ਰਸਿੱਧੀ ਖੱਟਣ ਵਾਸਤੇ ਅਜਿਹੀ ਡਰਾਮੇਬਾਜ਼ੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਬਹਿਸਬਾਜ਼ੀ ’ਚ ਕੋਈ ਔਰਤ ਜਖ਼ਮੀ ਹੋਈ ਹੈ, ਉਸ ਦਾ ਉਨ੍ਹਾਂ ਨੂੰ ਬਿਲਕੁਲ ਵੀ ਨਹੀਂ ਪਤਾ ਹੈ। ਉਨ੍ਹਾਂ ਕਿਹਾ ਕਿ ਔਰਤ ਨੂੰ ਹਸਪਤਾਲ ’ਚ ਦਾਖ਼ਲ ਵੀ ਇੱਕ ਸਾਜਿਸ਼ ਤਹਿਤ ਹੀ ਕਰਵਾਇਆ ਹੋ ਸਕਦਾ ਹੈ।