ਸਿਹਤ ਸਹੂਲਤਾਂ ਮੁਹੱਈਆ ਕਰਾਉਣ ’ਚ ਨਾਕਾਮ ਰਹੀ ਪੰਜਾਬ ਸਰਕਾਰ: ਚੰਨੀ
ਸੰਜੀਵ ਤੇਜਪਾਲ
ਮੋਰਿੰਡਾ, 9 ਦਸੰਬਰ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਦੋਸ਼ ਲਾਇਆ ਕਿ ‘ਆਪ’ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਨ ਦੇ ਦਾਅਵੇ ਕਰਨ ਵਾਲੀ ‘ਆਪ’ ਸਰਕਾਰ ਮੋਰਿੰਡਾ ਦੇ ਸਰਕਾਰੀ ਸਿਵਲ ਹਸਪਤਾਲ ਵਿੱਚ ਪੱਕੇ ਤੌਰ ’ਤੇ ਹੱਡੀਆਂ ਸਮੇਤ ਹੋਰ ਰੋਗਾਂ ਦੇ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਨਾਕਾਮ ਰਹੀ ਹੈ। ਸੰਸਦ ਮੈਂਬਰ ਸ੍ਰੀ ਚੰਨੀ ਨੇ ਮੋਰਿੰਡਾ ਵਿੱਚ ਐੱਸਐੱਨਜੀ ਐਡਵਾਂਸ ਹੱਡੀਆਂ ਦੇ ਹਸਪਤਾਲ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਮੋਰਿੰਡਾ ਸ਼ਹਿਰ ਦੀ 40 ਹਜ਼ਾਰ ਤੋਂ ਵੱਧ ਵਸੋਂ ਅਤੇ ਇਸ ਸ਼ਹਿਰ ਨਾਲ ਜੁੜੇ ਹੋਏ ਆਲੇ-ਦੁਆਲੇ ਦੇ ਤਿੰਨ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਨੂੰ ਜੋੜਾਂ ਤੇ ਹੱਡੀਆਂ ਆਦਿ ਦੇ ਇਲਾਜ ਲਈ ਹਮੇਸ਼ਾ ਰੂਪਨਗਰ ਜਾਂ ਚੰਡੀਗੜ੍ਹ ਜਾਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਮੋਰਿੰਡਾ ਸ਼ਹਿਰ ਦੇ ਚੰਡੀਗੜ੍ਹ-ਲੁਧਿਆਣਾ ਮੁੱਖ ਮਾਰਗ ’ਤੇ ਸਥਿਤ ਹੋਣ ਕਾਰਨ ਤੇ ਦਿਨੋ-ਦਿਨ ਵੱਧ ਰਹੀ ਆਵਾਜਾਈ ਕਾਰਨ ਰੋਜ਼ਾਨਾ ਕੋਈ ਨਾ ਕੋਈ ਸੜਕ ਹਾਦਸਾ ਵਾਪਰਦਾ ਰਹਿੰਦਾ ਹੈ ਜਿਸ ਦੇ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਹਮੇਸ਼ਾ ਸਰਕਾਰੀ ਹਸਪਤਾਲ ਰੋਪੜ ਜਾਂ ਸਰਕਾਰੀ ਹਸਪਤਾਲ ਮੁਹਾਲੀ ਫੇਜ਼-6 ਵਿੱਚ ਇਲਾਜ ਲਈ ਰੈਫਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕਈ ਵਾਰੀ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਮਰੀਜ਼ ਦਾ ਖੂਨ ਜ਼ਿਆਦਾ ਵਹਿ ਜਾਣ ਕਾਰਨ ਉਸ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਜਾਂਦੀ ਹੈ ਪਰ ਹੁਣ ਕਿਉਂਕਿ ਡਾਕਟਰ ਰੋਹਿਤ ਗਰਗ ਵੱਲੋਂ ਮੋਰਿੰਡਾ ਵਿੱਚ ਹੱਡੀਆਂ ਦੇ ਹਸਪਤਾਲ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਨਾਲ ਮੋਰਿੰਡਾ ਅਤੇ ਆਸਪਾਸ ਦੇ ਪਿੰਡਾਂ ਦੇ ਲੋਕਾਂ ਸਮੇਤ ਸੜਕ ਹਾਦਸਿਆਂ ਦੇ ਜ਼ਖ਼ਮੀਆਂ ਨੂੰ ਵੀ ਸਮੇਂ ਸਿਰ ਤੇ ਬਿਹਤਰ ਇਲਾਜ ਮਿਲ ਸਕੇਗਾ, ਜਿਸ ਨਾਲ ਬਹੁਤ ਸਾਰੀਆਂ ਕੀਮਤੀ ਜਾਨਾਂ ਬਚ ਜਾਣਗੀਆਂ ।