ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜਾਗਰੂਕਤਾ ਸਮਾਗਮ
ਪੱਤਰ ਪ੍ਰੇਰਕ
ਐੱਸ ਏ ਐੱਸ ਨਗਰ (ਮੁਹਾਲੀ), 11 ਦਸੰਬਰ
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੁਹਾਲੀ ਵੱਲੋਂ ਕੁਆਰਕ ਸਿਟੀ ਇੰਡੀਆ ਪ੍ਰਾਈਵੇਟ ਲਿਮਟਡ ਦੇ ਸਹਿਯੋਗ ਨਾਲ ਵੱਖ-ਵੱਖ ਵਿਸ਼ਿਆਂ ’ਤੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ‘ਤੁਹਾਡੀ ਯਾਤਰਾ, ਤੁਹਾਡੀ ਜ਼ਿੰਦਗੀ, ਤੁਹਾਡੀ ਜ਼ਿੰਮੇਵਾਰੀ ਸੁਰੱਖਿਅਤ ਡਰਾਈਵ, ਅਤੇ ਸੁਰੱਖਿਅਤ ਰਹੋ ਅਤੇ ‘ਮੁਫ਼ਤ ਕਾਨੂੰਨੀ ਸਹਾਇਤਾ’ ’ਤੇ ਚਰਚਾ ਕੀਤੀ ਗਈ।
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਮਨਜਿੰਦਰ ਸਿੰਘ ਮੁਲਾਜ਼ਮਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਦਿਆਂ ਨਸ਼ਾ ਪੀੜਤ ਵਿਅਕਤੀਆਂ ਦੇ ਕਾਨੂੰਨੀ ਹੱਕਾਂ ਅਤੇ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਦੇ ਅਧਿਕਾਰਾਂ ਬਾਰੇ ਜਾਣੂ ਕਰਵਾਇਆ। ਵਧੀਕ ਮੈਂਬਰ ਸਕੱਤਰ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਜਾਂ ਜਨਜਾਤੀ ਦੇ ਮੈਂਬਰ, ਔਰਤਾਂ, ਬੱਚੇ, ਮਾਨਸਿਕ ਤੌਰ ’ਤੇ ਬਿਮਾਰ ਅਤੇ ਉਹ ਸਾਰੇ ਵਿਅਕਤੀ ਜਿਨ੍ਹਾਂ ਦੀ ਸਾਲਾਨਾ ਆਮਦਨ ਤਿੰਨ ਲੱਖ ਤੋਂ ਘੱਟ ਹੈ, ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਦੇ ਹੱਕਦਾਰ ਹਨ। ਇਸ ਮੌਕੇ ਡੀਐਸਪੀ (ਟਰੈਫ਼ਿਕ) ਕਰਨੈਲ ਸਿੰਘ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਸੁਰਭੀ ਪਰਾਸ਼ਰ, ਸੀਡੀਟੀਆਈ ਦੇ ਫੈਕਲਟੀ ਗੁਰਚਰਨ ਸਿੰਘ ਨੇ ਵੀ ਵਿਚਾਰ ਰੱਖੇ।