ਸਿਹਤ ਕਾਮਿਆਂ ਨੇ ਪੰਜਾਬ ਸਰਕਾਰ ਦੇ ਬਜਟ ਦੀਆਂ ਕਾਪੀਆਂ ਸਾੜੀਆਂ
ਸੁਨਾਮ ਊਧਮ ਸਿੰਘ ਵਾਲਾ, 27 ਮਾਰਚ
ਪੰਜਾਬ ਸਰਕਾਰ ਦੇ ਸਾਲ 2025-26 ਦੇ ਬਜਟ ਵਿੱਚ ਸੂਬੇ ਦੇ ਛੇ ਲੱਖ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਅਣਦੇਖੀ ਕਰਨ ਦੇ ਵਿਰੋਧ ਵਿਚ ਪੈਰਾ ਮੈਡੀਕਲ ਮੁਲਾਜ਼ਮਾਂ ਵੱਲੋਂ ਅੱਜ ਸਿਵਲ ਹਸਪਤਾਲ ਸੁਨਾਮ ਵਿੱਚ ਬਜਟ ਦੀਆਂ ਕਾਪੀਆਂ ਫੂਕੀਆਂ ਗਈਆਂ। ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ, ਮਲਟੀਪਰਪਜ ਕੇਡਰ ਦੇ ਜ਼ਿਲ੍ਹਾ ਕਨਵੀਨਰ ਬਲਜਿੰਦਰ ਕੌਰ ਸੁਨਾਮ, ਜਗਸੀਰ ਸਿੰਘ ਭੰਮਾਬੱਦੀ, ਡਾ. ਪ੍ਰਭਜੋਤ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਇੱਕਠੇ ਹੋਏ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣੀ ਭੜਾਸ ਕੱਢੀ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਚੋਥੇ ਬਜਟ ਵਿਚ ਵੀ ਮੁਲਾਜ਼ਮ ਵਰਗ ਦੇ ਪੱਲੇ ਨਿਰਾਸ਼ਾ ਪਈ ਹੈ। ਮੁਲਾਜ਼ਮ ਵਰਗ ਦੀਆਂ ਮੁੱਖ ਮੰਗਾਂ ਛੇਵੇਂ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ, ਕੈਟਾਗਿਰੀ ਮੁਤਾਬਕ ਸਕੇਲ, ਡੀਏ ਦੀਆਂ ਕਿਸ਼ਤਾਂ ਜਾਰੀ ਕਰਨ, ਕੇਦਰੀ ਸਕੇਲ ਦੀ ਥਾਂ ਪੰਜਾਬ ਦੇ ਸਕੇਲ ਲਾਗੂ ਕਰਨ, ਪਰਖਕਾਲ ਸਮੇਂ ਪੂਰੀਆਂ ਤਨਖਾਹਾਂ ਦੇਣ, ਕੱਟੇ ਭੱਤੇ ਬਹਾਲ ਕਰਨ, ਕੰਟਰੇਕਟ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਵੀ ਬਜਟ ਵਿਚ ਕੋਈ ਐਲਾਨ ਨਹੀਂ ਕੀਤਾ। ਇਸ ਮੌਕੇ ਸਰਬਜੀਤ ਕੌਰ, ਗੁਰਤੇਜ ਸਿੰਘ, ਮਨਜੀਤ ਸਿੰਘ ਕੁਲਦੀਪ ਗਰਗ, ਰਣਬੀਰ ਸਿੰਘ, ਕਿਰਨਾ ਬਾਲਾ, ਸੁਖਚੈਨ ਸਿੰਘ, ਰਵਿੰਦਰ ਸਿੰਘ, ਪੁਸ਼ਿਵੰਦਰ ਸਿੰਘ, ਮਨਪ੍ਰੀਤ ਕੌਰ, ਅੰਮਿਤਪਾਲ ਕੌਰ ਅਤੇ ਰਿੰਪੀ ਮੌਜੂਦ ਸਨ।