ਸਿਵਲ ਡਿਫੈਂਸ ਵਾਲੰਟੀਅਰਾਂ ਦੀ ਭਰਤੀ ’ਚ ਨੌਜਵਾਨਾਂ ਨੇ ਦਿਖਾਇਆ ਉਤਸ਼ਾਹ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਮਈ
ਭਾਰਤ-ਪਾਕਿਸਤਾਨ ਵਿਚਕਾਰ ਪਿਛਲੇ ਤਿੰਨ-ਚਾਰ ਦਿਨਾਂ ਤੋਂ ਚੱਲ ਰਹੇ ਟਕਰਾਅ ਦੇ ਵਿਚਕਾਰ ਚੰਡੀਗੜ੍ਹ ਪ੍ਰਸ਼ਾਸਨ ਨੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸੈਲਫ਼ ਡਿਫੈਂਸ ਵਾਲੰਟੀਅਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਦਾ ਡਟ ਕੇ ਸਾਹਮਣਾ ਕੀਤਾ ਸਕੇ। ਇਸ ਲਈ ਅੱਜ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੈਲਫ ਡਿਫੈਂਸ ਵਾਲੰਟੀਅਰਾਂ ਦੀ ਭਰਤੀ ਦਾ ਸਮਾਗਮ ਉਲੀਕਿਆ ਗਿਆ ਤਾਂ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਦੌਰਾਨ ਸੈਕਟਰ-18 ਸਥਿਤ ਟੈਗੋਰ ਥੀਏਟਰ ਵਿੱਚ ਤਿੰਨ ਹਜ਼ਾਰ ਤੋਂ ਵੱਧ ਨੌਜਵਾਨਾਂ ਨੇ ਪਹੁੰਚ ਕੇ ਰਜਿਸਟਰਡ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਕੁਝ ਨੌਜਵਾਨਾਂ ਨੂੰ ਆਪਦਾ ਪ੍ਰਬੰਧਨ ਦੀਆਂ ਟੀਮਾਂ ਨੇ ਟੈਗੋਰ ਥੀਏਟਰ ਵਿੱਚ ਸਿਖਲਾਈ ਦਿੱਤੀ ਅਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਸੈਕਟਰ-17 ਸਥਿਤ ਤਿਰੰਗਾ ਪਾਰਕ ਵਿੱਚ ਭੇਜ ਦਿੱਤਾ ਗਿਆ, ਜਿਨ੍ਹਾਂ ਨੂੰ ਤਿਰੰਗਾ ਪਾਰਕ ਵਿੱਚ ਸਿਖਲਾਈ ਦਿੱਤੀ ਗਈ ਹੈ।
ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਕਿਹਾ ਕਿ ਸੈਲਫ ਡਿਫੈਂਸ ਵਾਲੰਟੀਅਰਾਂ ਨੂੰ ਇਕ-ਇਕ ਆਪਦਾ ਪ੍ਰਬੰਧਨ ਨਾਲ ਨਜਿੱਠਣ ਲਈ ਇਕ-ਇਕ ਹਫ਼ਤੇ ਦੀ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਦੇਸ਼ ’ਤੇ ਕੋਈ ਵੀ ਸਮੱਸਿਆ ਆਉਣ ’ਤੇ ਦੇਸ਼ ਦਾ ਨੌਜਵਾਨ ਅੱਗੇ ਵੱਧ ਕੇ ਉਸ ਦਾ ਸਾਹਮਣਾ ਕਰ ਸਕੇ। ਉਨ੍ਹਾਂ ਕਿਹਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਅਗਾਮੀ ਦਿਨਾਂ ਵਿੱਚ ਹੋਰ ਨੌਜਵਾਨਾਂ ਦੀ ਭਰਤੀ ਤਿਆਰ ਕਰਨ ਲੀ ਆਨਲਾਈਨ ਵਲੰਟੀਅਰਾਂ ਦੀ ਭਰਤੀ ਕੀਤੀ ਜਾਵੇਗੀ। ਇਸ ਨਾਲ ਨੌਜਵਾਨਾਂ ਦੇ ਘਰ ਦੇ ਪਤੇ ਤੇ ਫੋਨ ਨੰਬਰ ਰਾਹੀਂ ਉਨ੍ਹਾਂ ਦੀ ਮਦਦ ਲਈ ਜਾ ਸਕੇਗੀ।
ਪਾਕਿਸਤਾਨ ਨੂੂੰ ਹਮੇਸ਼ਾ ਲਈ ਸਬਕ ਸਿਖਾਉਣਾ ਚਾਹੀਦਾ: ਕਟਾਰੀਆ
ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਨੌਜਵਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਤਿਵਾਦੀਆਂ ਵੱਲੋਂ ਪਹਿਲਗਾਮ ਵਿੱਚ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਤੋਂ ਨੌਜਵਾਨਾਂ ਵਿੱਚ ਗੁੱਸਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਵਾਰ-ਵਾਰ ਹਾਰ ਦੇ ਬਾਵਜੂਦ ਭਾਰਤ ਨਾਲ ਛੇੜਖਾਨੀ ਕੀਤੀ ਜਾਂਦੀ ਹੈ। ਇਸ ਲਈ ਪਾਕਿਸਤਾਨ ਨੂੰ ਹਮੇਸ਼ਾ ਲਈ ਸਬਕ ਸਿਖਾਇਆ ਜਾਣਾ ਚਾਹੀਦਾ ਹੈ।
ਅੰਬਾਲਾ ਸ਼ਹਿਰ ਤੇ ਛਾਉਣੀ ’ਚ ਕੈਂਪ ਅੱਜ
ਅੰਬਾਲਾ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ ਨੇ ਕਿਹਾ ਕਿ ਅੰਬਾਲਾ ਸ਼ਹਿਰ ਅਤੇ ਅੰਬਾਲਾ ਛਾਉਣੀ ਵਿੱਚ ਸਿਵਲ ਡਿਫੈਂਸ ਵੱਲੋਂ ਵਿਆਪਕ ਤਿਆਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਿਵਲ ਡਿਫੈਂਸ ਲਈ ਭਲਕੇ 11 ਮਈ ਨੂੰ ਅੰਬਾਲਾ ਛਾਉਣੀ ਦੇ ਐੱਸਡੀ ਕਾਲਜ ’ਚ ਸਵੇਰੇ 10 ਵਜੇ, ਅੰਬਾਲਾ ਸ਼ਹਿਰ ਦੀ ਨਵੀਂ ਅਨਾਜ ਮੰਡੀ ਵਿੱਚ ਦੁਪਹਿਰ 3 ਵਜੇ ਟ੍ਰੇਨਿੰਗ ਕੈਂਪ ਅਤੇ ਰਜਿਸਟ੍ਰੇਸ਼ਨ ਕੈਂਪ ਲਾਏ ਜਾਣਗੇ। 18 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਨੌਜਵਾਨ ਹਿੱਸਾ ਲੈ ਸਕਦੇ ਹਨ। ਇਹ ਟ੍ਰੇਨਿੰਗ ਅੱਗ ਲੱਗਣ, ਫਸਟ ਐਡ ਅਤੇ ਕਿਸੇ ਵੀ ਆਫ਼ਤ ਵਿੱਚ ਆਪਣੀ ਸੁਰੱਖਿਆ ਲਈ ਹੋਵੇਗੀ। ਸਾਰੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਵਾਰਡ ਅਨੁਸਾਰ ਕਮੇਟੀਆਂ ਬਣਾਈਆਂ ਗਈਆਂ ਹਨ ਜੋ ਇਸ ਟ੍ਰੇਨਿੰਗ ਵਿੱਚ ਸ਼ਾਮਲ ਹੋ ਸਕਦੀਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੰਬਾਲਾ ਜ਼ਿਲ੍ਹੇ ਵਿੱਚ ਡ੍ਰੋਨ ਉਡਾਉਣ ’ਤੇ ਪੂਰੀ ਤਰ੍ਹਾਂ ਪਾਬੰਦੀ ਹੈ।