ਸਿਟੀ ਬਿਊਟੀਫੁੱਲ ਨੂੰ ਸੰਘਣੀ ਧੁੰਦ ਨੇ ਘੇਰਿਆ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਜਨਵਰੀ
ਸਿਟੀ ਬਿਊਟੀਫੱੁਲ ਚੰਡੀਗੜ੍ਹ ਵਿੱਚ ਜਨਵਰੀ ਮਹੀਨੇ ਵਿੱਚ ਠੰਢ ਨੇ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਸ਼ਾਮ ਹੁੰਦਿਆਂ ਹੀ ਸੰਘਣੀ ਧੁੰਦ ਨੇ ਸ਼ਹਿਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਕਰ ਕੇ ਸੜਕਾਂ ’ਤੇ ਦੂਰ ਤੱਕ ਦਿਖਣ ਦੀ ਹੱਦ ਘਟ ਗਈ ਹੈ। ਉੱਧਰ ਸੰਘਣੀ ਧੁੰਦ ਕਰ ਕੇ ਆਮ ਜਨ-ਜੀਵਨ ਵੀ ਪ੍ਰਭਾਵਿਤ ਹੋਇਆ ਹੈ। ਲੋਕਾਂ ਨੂੰ ਸੰਘਣੀ ਧੁੰਦ ਵਿੱਚ ਵਾਹਨ ਚਲਾਉਣ ਸਮੇਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਮੌਸਮ ਵਿਗਿਆਨੀਆਂ ਨੇ ਵੀ 7, 8 ਤੇ 9 ਜਨਵਰੀ ਨੂੰ ਸ਼ਹਿਰ ਵਿੱਚ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰ ਤੋਂ ਸ਼ਹਿਰ ਵਿੱਚ ਧੁੱਪ ਨਿੱਕਲਣ ਕਰ ਕੇ ਲੋਕਾਂ ਨੇ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਠੰਢ ਤੋਂ ਮਾਮੂਲੀ ਰਾਹਤ ਮਹਿਸੂਸ ਕੀਤੀ ਸੀ। ਪਰ ਸ਼ਾਮ ਹੁੰਦਿਆਂ ਹੀ ਇਕਦਮ ਸੰਘਣੀ ਧੁੰਦ ਨੇ ਸ਼ਹਿਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 22.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਆਮ ਨਾਲੋਂ 6.6 ਡਿਗਰੀ ਸੈਲਸੀਅਸ ਵੱਧ ਸੀ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 9.8 ਡਿਗਰੀ ਸੈਲਸੀਅਸ ਦਰਜ ਕੀਤਾ ਹੈ ਜੋ ਆਮ ਨਾਲੋਂ 3.3 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾਵੇਗੀ।