ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵੀਰ ਬਾਲ ਦਿਵਸ ਮਨਾਇਆ
ਖੇਤਰੀ ਪ੍ਰਤੀਨਿਧ
ਲੁਧਿਆਣਾ, 24 ਦਸੰਬਰ
ਸਪਰਿੰਗ ਡੇਲ ਸਕੂਲ ਵਿੱਚ ਗੁਰੂ ਗੋਬਿੰਦ ਸਿੰਘ ਦੇ ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਵਿੱਚ ਅੱਜ ਵੀਰ ਬਾਲ ਦਿਵਸ ਮਨਾਇਆ ਗਿਆ। ਵਿਦਿਆਰਥੀਆਂ ਨੇ ਜੂਝਾਰੂ ਅਤੇ ਜ਼ੋਸ਼ੀਲੀਆਂ ਕਵਿਤਾਵਾਂ ਅਤੇ ਲੈਕਚਰਾਰਾਂ ਰਾਹੀਂ ਸਾਹਿਬਜ਼ਾਦਿਆਂ ਦੇ ਬਹਾਦਰੀ ਭਰੇ ਜੀਵਨ ’ਤੇ ਝਾਤ ਪਾਈ। ਸਕੂਲ ਦੇ ਵਿਦਿਆਰਥੀਆਂ ਨੇ ਵੈਰਾਗਮਈ ਕਵਿਤਾਵਾਂ ‘ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ’ ਅਤੇ ‘ਮਾਤਾ ਸੁੰਦਰੀ ਪੁੱਛੇ ਬਾਜਾਂ ਵਾਲਿਓ’ ਸੁਣਾ ਕੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ। ਇਸ ਮੌਕੇ ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਡਾਇਰੈਕਟਰਾਂ ਮਨਦੀਪ ਵਾਲੀਆ, ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਮਾਤਾ ਗੁਜਰ ਕੌਰ, ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਚਰਨਾਂ ਵਿੱਚ ਸ਼ਰਧਾ ਦੇ ਫੁੱਲ ਭੇਟ ਕੀਤੇ।
ਮਾਸਟਰ ਤਾਰਾ ਸਿੰਘ ਕਾਲਜ ’ਚ ਧਾਰਮਿਕ ਸਮਾਗਮ
ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ, ਲੁਧਿਆਣਾ ਵਿੱਚ ਰਾਜਨੀਤੀ ਸ਼ਾਸਤਰ ਅਤੇ ਇਤਿਹਾਸ ਵਿਭਾਗ ਦੇ ਅਧਿਆਪਕਾਂ ਮਨਪ੍ਰੀਤ ਕੌਰ ਅਤੇ ਨੇਹਾ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਸ਼ਹੀਦੀ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ। ਇਸ ਦੌਰਾਨ ਚਾਰ ਸਾਹਿਬਜ਼ਾਦਿਆਂ ’ਤੇ ਅਧਾਰਿਤ ਫ਼ਿਲਮ ਦਿਖਾਈ ਗਈ ਅਤੇ ਵਿਦਿਆਰਥਣਾਂ ਵੱਲੋਂ ਪੇਪਰ ਰੀਡਿੰਗ ਵੀ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ, ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰ ਮੈਂਬਰਾਂ ਨੇ ਅਧਿਆਪਕਾਂ ਅਤੇ ਵਿਦਿਆਰਥਣਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।ਸਕੂਲ ’ਚ ਵੀਰ ਬਾਲ ਦਿਵਸ ਮਨਾਇਆ
ਖੰਨਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਕੁਲਾਰ ਪਬਲਿਕ ਸਕੂਲ ਵਿੱਚ ਵਿਦਿਆਰਥੀਆਂ ਵੱਲੋਂ ਬਾਲ ਦਿਵਸ ਮਨਾਇਆ ਗਿਆ। ਇਸ ਮੌਕੇ ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਵਿਦਿਆਰਥਣ ਰਮਨਦੀਪ ਕੌਰ ਨੇ ਚਾਰ ਸਾਹਿਬਜ਼ਾਦਿਆਂ ਦੀ ਬਹਾਦਰੀ ਬਿਆਨ ਕੀਤੀ। ਇਸ ਦੌਰਾਨ ਜਾਣਕਾਰੀ ਭਰਪੂਰ ਸਲਾਈਡ ਸ਼ੋਅ ‘ਸਫ਼ਰ-ਏ ਸ਼ਹਾਦਤ’ ਪੇਸ਼ ਕੀਤਾ ਗਿਆ। ਪ੍ਰਿੰਸੀਪਲ ਰੇਵਾ ਟੰਡਨ ਨੇ ਵਿਦਿਆਰਥੀਆਂ ਨੂੰ ਧਰਮ ਅਤੇ ਸੱਭਿਆਚਾਰ ਨਾਲ ਜੁੜਨ ਲਈ ਪ੍ਰੇਰਿਆ। ਇਸ ਮੌਕੇ ਪ੍ਰੋ. ਗੁਰਬਖਸ਼ ਸਿੰਘ, ਡਾ. ਕੁਲਦੀਪ ਸਿੰਘ ਕੁਲਾਰ, ਰੁਪਿੰਦਰ ਸਿੰਘ ਬੈਨੀਪਾਲ ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ।Advertisement