ਸਾਹਿਬਜ਼ਾਦਿਆਂ ਦੀ ਯਾਦ ’ਚ ਵੱਖ-ਵੱਖ ਥਾਈਂ ਨਗਰ ਕੀਰਤਨ ਸਜਾਏ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 23 ਦਸੰਬਰ
ਗੁਰਦੁਆਰਾ ਨਾਨਕ ਦਰਬਾਰ ਸੈਕਟਰ-91 ਦੀ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀ ਸੰਗਤ ਨੇ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਨੂੰ ਖਾਲਸਾ ਪਰੇਡ ਦਾ ਨਾਂ ਦਿੱਤਾ ਗਿਆ। ਇਸ ਮੌਕੇ ਪੁਰਸ਼ਾਂ ਨੇ ਕੇਸਰੀ ਦਸਤਾਰਾਂ, ਔਰਤਾਂ ਕੇਸਰੀ ਚੁੰਨੀਆਂ ਅਤੇ ਬੱਚਿਆਂ ਨੇ ਕੇਸਰੀ ਪਟਕੇ ਬੰਨ੍ਹ ਕੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਹ ਖਾਲਸਾ ਪਰੇਡ (ਨਗਰ ਕੀਰਤਨ) ਅਰਦਾਸ ਉਪਰੰਤ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਗੁਰਦੁਆਰਾ ਨਾਨਕ ਦਰਬਾਰ ਸੈਕਟਰ-91 ਤੋਂ ਸ਼ੁਰੂ ਹੋਇਆ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ, ਜੋ ਸੈਕਟਰ-74, ਸੈਕਟਰ- 90 ਅਤੇ ਆਸਪਾਸ ਇਲਾਕੇ ’ਚੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਨਾਨਕ ਦਰਬਾਰ ਸੈਕਟਰ-91 ਵਿੱਚ ਪਹੁੰਚ ਕੇ ਸਮਾਪਤ ਹੋਇਆ।
ਸਟੇਟ ਐਵਾਰਡੀ ਅਤੇ ਗੁਰੂ ਘਰ ਦੇ ਸੇਵਾਦਾਰ ਫੂਲਰਾਜ ਸਿੰਘ ਨੇ ਦੱਸਿਆ ਕਿ ਗੁਰੂ ਆਸਰਾ ਟਰੱਸਟ ਸੈਕਟਰ-79 ਦੇ 60 ਬੱਚਿਆਂ ਨੇ ਨਗਰ ਕੀਰਤਨ ਦੀ ਸ਼ੋਭਾ ਵਧਾਈ ਅਤੇ ਬੱਚਿਆਂ ਵਿੱਚ ਧਾਰਮਿਕ ਰੁਚੀ ਪੈਦਾ ਕਰਨ ਲਈ ਟਰੱਸਟ ਵੱਲੋਂ ਟੈੱਸਟ ਲਿਆ ਗਿਆ ਅਤੇ ਨੌਜਵਾਨ ਪੀੜ੍ਹੀ ਨੂੰ ਉਤਸ਼ਾਹਿਤ ਕਰਨ ਲਈ ਇਨਾਮ ਵੀ ਦਿੱਤੇ ਗਏ। ਗੁਰੂ ਆਸਰਾ ਟਰੱਸਟ ਅਤੇ ਸਿੱਖ ਇੰਟਰਨੈਸ਼ਨਲ ਗਤਕਾ ਅਕੈਡਮੀ ਦੀ ਟੀਮ ਨੇ ਯੋਗਰਾਜ ਸਿੰਘ ਦੀ ਅਗਵਾਈ ਹੇਠ ਟੀਮਾਂ ਨੇ ਗੱਤਕੇ ਦੇ ਜੌਹਰ ਵਿਖਾਏ।
ਇਸ ਮੌਕੇ ਗੁਰਮੀਤ ਸਿੰਘ ਸੈਣੀ, ਨਿਹਾਲ ਸਿੰਘ ਵਿਰਕ, ਤਰਲੋਚਨ ਸਿੰਘ, ਬਿਕਰਮਜੀਤ ਸਿੰਘ, ਸਰਬਜੀਤ ਸਿੰਘ ਬੇਦੀ ਪ੍ਰਧਾਨ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਸੈਕਟਰ-74, ਗੁਰਦੀਪ ਸਿੰਘ ਟਿਵਾਣਾ, ਮਹਿੰਦਰ ਸਿੰਘ, ਐਡਵੋਕੇਟ ਅਮਨਦੀਪ ਸਿੰਘ ਗਿੱਲ, ਹਰਪਾਲ ਸਿੰਘ, ਡੀਐਸਪੀ ਹਰਸਿਮਰਤ ਸਿੰਘ ਬੱਲ ਤੇ ਰਾਜਪਾਲ ਸਿੰਘ ਗਿੱਲ ਅਤੇ ਜਸਪਾਲ ਸਿੰਘ, ਸਾਬਕਾ ਡੀਐਸਪੀ ਜੋਬਨ ਸਿੰਘ, ਸੁਖਵੰਤ ਸਿੰਘ, ਲਾਭ ਸਿੰਘ, ਗੁਰਸੇਵਕ ਸਿੰਘ ਹੈੱਡ ਗ੍ਰੰਥੀ, ਹਰਦੀਪ ਸਿੰਘ ਮੀਤ ਮੀਤ ਗ੍ਰੰਥ, ਸੇਵਾਦਾਰ ਗੁਰਬੀਰ ਸਿੰਘ ਸੈਕਟਰ-94 ਦੀ ਸੰਗਤ ਦੇ ਵਿੱਚ ਸਾਬਕਾ ਡੀਐਸਪੀ ਸੁਮੇਰ ਸਿੰਘ ਬਰਾੜ, ਸੰਤੋਖ ਸਿੰਘ, ਗੁਰਦੇਵ ਸਿੰਘ, ਮਾਈ ਭਾਗੋ ਇਸਤਰੀ ਸਤਿਸੰਗ ਸਭਾ ਦੇ ਮੈਂਬਰਾਂ ਨੇ ਹਾਜ਼ਰੀ ਭਰੀ।
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਗੁਰਦੁਆਰਾ ਸਿੰਘ ਸਭਾ ਪਿੰਡ ਕਾਂਸਲ ਦੀ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਸਜਾਇਆ ਗਿਆ। ਕਮੇਟੀ ਪ੍ਰਧਾਨ ਬੀਬੀ ਸੁਖਵੰਤ ਕੌਰ ਜੰਗੂ ਸਮੇਤ ਜਥੇਦਾਰ ਕਰਨੈਲ ਸਿੰਘ ਜੰਗੂ ਨੇ ਦੱਸਿਆ ਕਿ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ, ਗੁਰੂ ਤੇਗ ਬਹਾਦਰ, ਮਾਤਾ ਗੁਜਰ ਕੌਰ, ਚਾਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਫਤਹਿ ਸਿੰਘ, ਬਾਬਾ ਜ਼ੋਰਾਵਰ ਸਿੰਘ ਨੂੰ ਸਮਰਪਿਤ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਟ੍ਰਿਬਿਊਨ ਕਲੋਨੀ, ਪਿੰਡ ਖੁੱਡਾ ਅਲੀਸ਼ੇਰ, ਵੱਡੀ ਕਰੌਰ, ਛੋਟੀ ਕਰੌਰ, ਨਵਾਂ ਗਾਉਂ ਤੋਂ ਹੁੰਦਾ ਕਾਂਸਲ ਦੇ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ।
ਪੰਚਕੂਲਾ (ਪੀਪੀ ਵਰਮਾ): ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਿੰਜੌਰ ਤੋਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਹਊਸਿੰਗ ਬੋਰਡ ਕਾਲਕਾਂ ਤੱਕ ਸਜਾਇਆ ਗਿਆ। ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਗੁਰਮੀਤ ਸਿੰਘ, ਰਾਮਸਰ ਸਲਾਹਕਾਰ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਗੁਰਦੁਆਰਾ ਨਾਢਾ ਸਾਹਿਬ ਦੇ ਮੈਨੇਜਰ ਸਰਦਾਰ ਪਰਮਜੀਤ ਸਿੰਘ ਸ਼ੇਰਗੜ੍ਹ, ਐਡੀਸ਼ਨਲ ਮੈਨੇਜਰ ਸਰਦਾਰ ਸ਼ਿਵਚਰਨ ਸਿੰਘ, ਹੈਡ ਗ੍ਰੰਥੀ ਭਾਈ ਜਗਜੀਤ ਸਿੰਘ, ਗ੍ਰੰਥੀ ਭਾਈ ਗਗਨਦੀਪ ਸਿੰਘ, ਗੁਰਦੁਆਰਾ ਮੰਜੀ ਸਾਹਿਬ ਦੇ ਗ੍ਰੰਥੀ ਭਾਈ ਸੁਖਵਿੰਦਰ ਸਿੰਘ, ਗੁਰਦੁਆਰਾ ਸਾਹਿਬ ਦੇ ਇੰਚਾਰਜ ਦਵਿੰਦਰ ਸਿੰਘ ਜੌਲਾ ਮੌਜੂਦ ਸਨ।
ਖਾਲਸਾ ਸਕੂਲ ’ਚ ਵਿਸ਼ੇਸ਼ ਸੈਮੀਨਾਰ
ਰੂਪਨਗਰ (ਜਗਮੋਹਨ ਸਿੰਘ): ਇੱਥੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਰੂਪਨਗਰ ਵੱਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੌਰਾਨ ਸਟੱਡੀ ਸਰਕਲ ਦੇ ਪ੍ਰਤੀਨਿਧੀ ਬਿਕਰਮਜੀਤ ਸਿੰਘ ਨੇ ਗੁਰੂ ਗੋਬਿੰਦ ਸਿੰਘ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਲੈ ਕੇ ਸ੍ਰੀ ਚਮਕੌਰ ਸਾਹਿਬ ਦੀ ਗੜ੍ਹੀ ਦੇ ਹੋਏ ਅਸਾਵੇਂ ਯੁੱਧ ਅਤੇ ਸਾਕਾ ਸਰਹਿੰਦ ਤੱਕ ਦਾ ਇਤਿਹਾਸ ਵਿਦਿਆਰਥੀਆਂ ਨੂੰ ਦੱਸਦਿਆਂ ਹੋਇਆਂ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਆ। ਸਕੂਲ ਪ੍ਰਿੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਵਿਦਿਆਰਥੀਆਂ ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਭੁਪਿੰਦਰ ਸਿੰਘ, ਜਗਤਾਰ ਸਿੰਘ, ਸੁਰਿੰਦਰਪਾਲ ਸਿੰਘ ਅਤੇ ਸਮੂਹ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।
ਮਕੌੜੀ ਕਲਾਂ ’ਚ ਸਮਾਗਮ
ਘਨੌਲੀ (ਜਗਮੋਹਨ ਸਿੰਘ): ਇੱਥੋਂ ਨੇੜਲੇ ਪਿੰਡ ਮਕੌੜੀ ਕਲਾਂ ਵਿੱਚ ਸ਼ਹੀਦ ਸਿੰਘਾਂ ਦੇ ਅਸਥਾਨ ’ਤੇ ਸਾਲਾਨਾ ਸ਼ਹੀਦੀ ਸਮਾਗਮ ਕਰਵਾਇਆ ਗਿਆ। ਪ੍ਰਬੰਧਕ ਜਸਵਿੰਦਰ ਸਿੰਘ ਲਾਲੀ ਦੀ ਦੇਖ-ਰੇਖ ਅਧੀਨ ਸਵੇਰੇ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ, ਜਿਸ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਇਸ ਦੌਰਾਨ ਭਾਈ ਪਰਮਜੀਤ ਸਿੰਘ ਕੁਰਾਲੀ ਵਾਲਿਆਂ ਦੇ ਢਾਡੀ ਜਥੇ ਨੇ ਹਾਜ਼ਰੀ ਲਵਾਈ। ਇਸ ਮੌਕੇ ਹਲਕਾ ਵਿਧਾਇਕ ਰੂਪਨਗਰ ਦਿਨੇਸ਼ ਚੱਢਾ ਤੋਂ ਇਲਾਵਾ ਸੁਰਜੀਤ ਸਿੰਘ ਸਾਬਕਾ ਸਰਪੰਚ ਸਿੰਘਪੁਰਾ, ਅਵਤਾਰ ਸਿੰਘ, ਸਾਧੂ ਸਿੰਘ ਡੰਗੌਲੀ, ਜਗੀਰ ਸਿੰਘ, ਜੋਗਾ ਸਿੰਘ, ਗੁਰਦਿਆਲ ਸਿੰਘ, ਦੀਪਾ ਸਿੰਘ, ਸੁਰਮੁੱਖ ਸਿੰਘ, ਕੁਲਵਿੰਦਰ ਸਿੰਘ ਕੁੱਕੂ ਤੇ ਕਿਰਪਾਲ ਸਿੰਘ ਹਾਜ਼ਰ ਸਨ।