ਬੇਬੀ ਕਾਨਵੈਂਟ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ
ਪੱਤਰ ਪ੍ਰੇਰਕ
ਬਨੂੜ, 23 ਦਸੰਬਰ
ਬੇਬੀ ਕਾਨਵੈਂਟ ਸਕੂਲ ਬਨੂੜ ਦੇ ਵਿਦਿਆਰਥੀਆਂ ਨੇ ਮੁਹਾਲੀ ਦੇ ਸੈਕਟਰ 78 ਦੇ ਬਹੁ-ਮੰਤਵੀ ਖੇਡ ਭਵਨ ਵਿੱਚ ਕਰਵਾਏ ਜ਼ਿਲ੍ਹਾ ਅਥਲੈਟਿਕ ਚੈਂਪੀਅਨਸ਼ਿਪ ਵਿਚ ਚਾਰ ਸੋਨੇ, ਚਾਰ ਚਾਂਦੀ ਅਤੇ ਸੱਤ ਕਾਂਸੀ ਦੇ ਤਗ਼ਮੇ ਜਿੱਤੇ। ਸਕੂਲ ਦੀ ਚੌਥੀ ਕਲਾਸ ਦੀ ਗਗਨਦੀਪ ਕੌਰ ਨੂੰ ਲੰਬੀ ਛਾਲ ਅਤੇ 60 ਮੀਟਰ ਦੌੜ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਅੰਡਰ-10 ਵਰਗ ਵਿੱਚ ਵਿਸ਼ੇਸ਼ ਤੌਰ ’ਤੇ ਸਨਮਾਨਿਆ। ਸਕੂਲ ਪ੍ਰਿੰਸੀਪਲ ਸੁਬੀਨਾ ਆਨੰਦ ਨੇ ਦੱਸਿਆ ਕਿ ਚੌਥੀ ਕਲਾਸ ਦੀ ਗਗਨਪ੍ਰੀਤ ਕੌਰ, ਦੂਜੀ ਕਲਾਸ ਦੀ ਯਕਸ਼ਿਤ ਮਾਨ, ਨੌਂਵੀ ਕਲਾਸ ਦੀ ਭੂਮਿਕਾ ਸ਼ਰਮਾ ਅਤੇ ਅੱਠਵੀਂ ਕਲਾਸ ਦੀ ਨਮਨਪ੍ਰੀਤ ਕੌਰ ਨੇ ਲੰਬੀ ਛਾਲ ਵਿਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗ਼ਮਾ ਜਿੱਤਿਆ। ਉਨ੍ਹਾਂ ਦੱਸਿਆ ਕਿ ਅਦਿੱਤੇ ਕੁਮਾਰ ਨੇ ਲੰਬੀ ਛਾਲ ਵਿੱਚ ਪ੍ਰਿੰਸੂ ਨੇ ਅੜਿੱਕਾ ਦੌੜ ਵਿੱਚ, ਅਵਨੀਤ ਕੌਰ ਅਤੇ ਮਨੋਜ ਕੁਮਾਰ ਨੇ ਉੱਚੀ ਛਾਲ ਵਿੱਚ ਚਾਂਦੀ ਦੇ ਤਗ਼ਮੇ ਜਿੱਤੇ। ਇਸੇ ਤਰ੍ਹਾਂ ਗਗਨਪ੍ਰੀਤ ਕੌਰ ਨੇ 60 ਮੀਟਰ ਦੌੜ ਵਿਚ, ਤਰਨਵੀਰ ਸਿੰਘ ਨੇ 100 ਮੀਟਰ ਦੌੜ ਅਤੇ ਲੰਬੀ ਛਾਲ ਵਿਚ, ਭੂਮਿਕਾ ਸ਼ਰਮਾ ਨੇ 100 ਮੀਟਰ ਦੌੜ ਅਤੇ ਲੰਬੀ ਛਾਲ, ਪ੍ਰਿਤਪਾਲ ਸਿੰਘ ਨੇ 80 ਮੀਟਰ ਅੜਿੱਕਾ ਦੌੜ ਵਿਚ ਅਤੇ ਗੁਰਲੀਨ ਕੌਰ ਨੇ ਉੱਚੀ ਛਾਲ ਵਿਚ ਕਾਂਸੀ ਦੇ ਤਗ਼ਮੇ ਹਾਸਲ ਕੀਤੇ। ਸਕੂਲ ਦੇ ਡਾਇਰੈਕਟਰ ਦਿਆਲ ਸਿੰਘ ਨੇ ਜੇਤੂ ਬੱਚਿਆਂ ਅਤੇ ਖੇਡ ਅਧਿਆਪਕਾਂ ਨੂੰ ਵਧਾਈ ਦਿੱਤੀ।