ਸਾਹਿਤਕਾਰਾਂ ਵੱਲੋਂ ਕਹਾਣੀਕਾਰ ਪ੍ਰੇਮ ਪ੍ਰਕਾਸ਼ ਨੂੰ ਸ਼ਰਧਾਂਜਲੀ
ਸ੍ਰੀ ਮੁਕਤਸਰ ਸਾਹਿਬ, 9 ਅਪਰੈਲ
ਪੰਜਾਬੀ ਕਹਾਣੀ ਦੇ ਸਿਰਮੌਰ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦੇ ਦੇਹਾਂਤ ਉਪਰੰਤ ਜਿੱਥੇ ਪੰਜਾਬੀ ਸਾਹਿਤ ਨੂੰ ਵੱਡਾ ਘਾਟਾ ਪਿਆ ਹੈ, ਉੱਥੇ ਪੰਜਾਬੀ ਕਹਾਣੀ ਦਾ ਵੀ ‘ਅੱਧਾ ਅਸਮਾਨ’ ਖਾਲੀ ਗਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਹਿਤਕ ਸੱਥ ਦੇ ਪ੍ਰਧਾਨ ਤੇ ਭਾਸ਼ਾ ਵਿਗਿਆਨੀ ਡਾ. ਪਰਮਜੀਤ ਸਿੰਘ ਢੀਂਗਰਾ ਨੇ ਪ੍ਰੇਮ ਪ੍ਰਕਾਸ਼ ਦੀ ਯਾਦ ’ਚ ਕਰਵਾਏ ਸ਼ਰਧਾਂਜਲੀ ਸਮਾਗਮ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮੰਟੋ ਦੀ ਕਹਾਣੀ ਦੀ ਖੁਸ਼ਬੂ ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਵਿੱਚੋਂ ਮਿਲਦੀ ਹੈ। ਇਸ ਦੌਰਾਨ ਸਾਹਿਤ ਅਕਾਦਮੀ ਐਵਾਰਡ ਜੇਤੂ ਕਵਿੱਤਰੀ ਭੁਪਿੰਦਰ ਕੌਰ ਪ੍ਰੀਤ ਨੇ ਪ੍ਰੇਮ ਪ੍ਰਕਾਸ਼ ਦੀਆਂ ਯਾਦਾਂ ਤਾਜ਼ਾ ਕਰਦਿਆਂ ਕਿਹਾ ਕਿ ਉਨ੍ਹਾਂ ਨਾਲ ਆਖ਼ਰੀ ਮੁਲਾਕਾਤ ਦੋ ਕੁ ਮਹੀਨੇ ਜਲੰਧਰ ਵਿੱਚ ਉਨ੍ਹਾਂ ਦੇ ਘਰ ਹੋਈ ਸੀ ਜਿੱਥੇ ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਸੀ ਕਿ ਹੁਣ ਉਸਨੂੰ (ਪ੍ਰੇਮ ਪ੍ਰਕਾਸ਼) ਮਿਲਣ ਵਾਸਤੇ ਕੋਈ ਨਹੀਂ ਆਉਂਦਾ, ਹਾਲਾਂਕਿ ਜਲੰਧਰ ਸਾਹਿਤਕਾਰਾਂ ਦਾ ਗੜ੍ਹ ਹੈ। ਇਸ ਮੌਕੇ ਐਡਵੋਕੇਟ ਰਣਜੀਤ ਸਿੰਘ ਥਾਂਦੇਵਾਲਾ ਤੇ ਗੁਰਜੀਤ ਸਿੰਘ ਐਮੀ ਨੇ ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਆਪਣੀਆਂ ਕਹਾਣੀਆਂ ਵਿੱਚ ‘ਆਪਣੇ ਮਨ ਅੰਦਰਲੇ ਸ਼ੈਤਾਨ’ ਨੂੰ ਫੜਦੇ ਸਨ। ਪ੍ਰੇਮ ਪ੍ਰਕਾਸ਼ ਨੂੰ ‘ਕੁੱਝ ਅਣਕਿਹਾ ਵੀ’ ਕਹਾਣੀ ਸੰਗ੍ਰਹਿ ਲਈ 1992 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਉਨ੍ਹਾਂ ਲੰਬਾ ਸਮਾਂ ਉਰਦੂ ਪੱਤਰਕਾਰੀ ਦੇ ਲੇਖੇ ਲਾਇਆ। ਇਸ ਦੌਰਾਨ ਅਮਨਦੀਪ ਸਿੰਘ ਨੇ ਕਵਿਤਾ ਰਾਹੀਂ ਪ੍ਰੇਮ ਪ੍ਰਕਾਸ਼ ਨੂੰ ਸ਼ਰਧਾਂਜਲੀ ਭੇਟ ਕੀਤੀ।