ਸ਼ੰਭੂ ਥਾਣਾ ਘੇਰਨ ਜਾਂਦੇ ਕਿਸਾਨ ਪੁਲੀਸ ਨੇ ਰਾਹ ’ਚ ਡੱਕੇ
ਆਤਿਸ਼ ਗੁਪਤਾ
ਚੰਡੀਗੜ੍ਹ, 6 ਮਈ
ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਤੇ ਕਿਸਾਨ-ਮਜ਼ਦੂਰ ਮੋਰਚਾ ਦੇ ਸੱਦੇ ’ਤੇ ਅੱਜ ਸ਼ੰਭੂ ਥਾਣੇ ਦਾ ਘਿਰਾਓ ਕਰਨ ਜਾਂਦੇ ਕਿਸਾਨਾਂ ਨੂੰ ਪੰਜਾਬ ਪੁਲੀਸ ਨੇ ਸੂਬੇ ਵਿੱਚ ਵੱਖ-ਵੱਖ ਥਾਵਾਂ ’ਤੇ ਰੋਕ ਦਿੱਤਾ। ਪੁਲੀਸ ਨੇ ਥਾਂ‘ਥਾਂ ’ਤੇ ਨਾਕਾਬੰਦੀ ਕੀਤੀ ਹੋਈ ਸੀ ਅਤੇ ਬੱਸਾਂ, ਕਾਰਾਂ ਤੇ ਹੋਰਨਾਂ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਸੀ। ਇਸ ਦੌਰਾਨ ਕਈ ਥਾਵਾਂ ’ਤੇ ਪੁਲੀਸ ਤੇ ਕਿਸਾਨਾਂ ਦਰਮਿਆਨ ਤਕਰਾਰ ਦੀਆਂ ਰਿਪੋਰਟਾਂ ਵੀ ਹਨ। ਪੁਲੀਸ ਨੇ ਸੈਂਕੜੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਕਈ ਥਾਈਂ ਪੁਲੀਸ ਵੱਲੋਂ ਰੋਕਣ ’ਤੇ ਕਿਸਾਨਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ।
ਜਾਣਕਾਰੀ ਅਨੁਸਾਰ 19 ਮਾਰਚ ਨੂੰ ਪੁਲੀਸ ਵੱਲੋਂ ਦੋਵਾਂ ਫੋਰਮਾਂ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਪੱਕੇ ਮੋਰਚੇ ਖਦੇੜਨ ਤੇ ਇਸ ਕਾਰਵਾਈ ਦੌਰਾਨ ਚੋਰੀ ਹੋਏ ਕਰੋੜਾਂ ਰੁਪਏ ਦੇ ਸਾਮਾਨ ਦੀ ਭਰਪਾਈ ਲਈ ਦੋਵਾਂ ਮੋਰਚਿਆਂ ਨੇ ਸ਼ੰਭੂ ਥਾਣੇ ਦੇ ਘਿਰਾਓ ਦਾ ਐਲਾਨ ਕੀਤਾ ਸੀ। ਪੁਲੀਸ ਨੇ ਕਿਸਾਨਾਂ ਨੂੰ ਰੋਕਣ ਲਈ ਪਹਿਲਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਮੇਤ ਦਰਜਨਾਂ ਕਿਸਾਨ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ। ਇਸ ਤੋਂ ਬਾਅਦ ਅੱਜ ਸ਼ੰਭੂ ਥਾਣੇ ਦੇ ਘਿਰਾਓ ਲਈ ਨਿਕਲੇ ਹਜ਼ਾਰਾਂ ਕਿਸਾਨਾਂ ਨੂੰ ਰੋਕਣ ਲਈ ਥਾਂ-ਥਾਂ ’ਤੇ ਨਾਕਾਬੰਦੀ ਕੀਤੀ ਗਈ। ਪੁਲੀਸ ਨੇ ਰਾਜਪੁਰਾ ਤੋਂ ਸ਼ੰਭੂ ਜਾਣ ਵਾਲੇ ਸਾਰੀਆਂ ਸੜਕਾਂ ’ਤੇ ਵੀ ਬੈਰੀਕੇਡਿੰਗ ਕਰ ਕੇ ਸੜਕਾਂ ’ਤੇ ਮਿੱਟੀ ਦੇ ਭਰੇ ਟਿੱਪਰ ਖੜ੍ਹੇ ਕਰ ਦਿੱਤੇ। ਇਸ ਤੋਂ ਇਲਾਵਾ ਸ਼ੰਭੂ ਦੇ ਨਜ਼ਦੀਕ ਦਿੱਲੀ-ਅੰਮ੍ਰਿਤਸਰ ਸੜਕ ਮਾਰਗ ਨੂੰ ਲੱਗਣ ਵਾਲੀਆਂ ਸਾਰੀਆਂ ਸੜਕਾਂ ’ਤੇ ਬੈਰੀਕੇਡਿੰਗ ਕਰ ਕੇ ਕਿਸਾਨਾਂ ਨੂੰ ਰੋਕਿਆ ਗਿਆ। ਪੁਲੀਸ ਨੇ ਬਠਿੰਡਾ, ਮੋਗਾ, ਪਾਤੜਾਂ ਸਣੇ ਹੋਰਨਾਂ ਥਾਵਾਂ ’ਤੇ ਵੀ ਕਿਸਾਨਾਂ ਨੂੰ ਰੋਕਿਆ ਤਾਂ ਕਿਸਾਨਾਂ ਨੇ ਉੱਥੇ ਹੀ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ।
ਕਿਸਾਨ ਆਗੂਆਂ ਨੇ ਪੰਜਾਬ ਨੂੰ ‘ਪੁਲੀਸ ਰਾਜ’ ਬਣਾਉਣ ਦੇ ਦੋਸ਼ ਲਾਏ
ਪਟਿਆਲਾ (ਸਰਬਜੀਤ ਸਿੰਘ ਭੰਗੂ): ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਨੇ ਦਾਅਵਾ ਕੀਤਾ ਕਿ ਪੁਲੀਸ ਰੋਕਾਂ ਦੇ ਬਾਵਜੂਦ ਪੰਜਾਬ ਅਤੇ ਹਰਿਆਣਾ ਵੱਲੋਂ ਹਜ਼ਾਰਾਂ ਕਿਸਾਨ ਮਜ਼ਦੂਰ ਸ਼ੰਭੂ ਥਾਣੇ ਦੇ ਘਿਰਾਓ ਲਈ ਅੱਜ ਸੜਕਾਂ ’ਤੇ ਨਿਤਰੇ ਸਨ। ਪੁਲੀਸ ਨੇ ਉਨ੍ਹਾਂ ਨੂੰ ਥਾਣਿਆਂ ਵਿੱਚ ਬੰਦ ਕਰ ਦਿੱਤਾ, ਜਦੋਂਕਿ ਕਈ ਆਗੂਆਂ ਨੂੰ ਪਹਿਲਾਂ ਹੀ ਘਰਾਂ ’ਚ ਨਜ਼ਰਬੰਦ ਕੀਤਾ ਹੋਇਆ ਹੈ। ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ‘ਆਪ’ ਸਰਕਾਰ ਨੇ ਪੰਜਾਬ ਨੂੰ ‘ਪੁਲੀਸ ਰਾਜ’ ਬਣਾ ਦਿੱਤਾ ਹੈ ਤੇ ਪੁਲੀਸ ਬਲ ਦੀ ਲਗਾਤਾਰ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇੱਕ ਹਜ਼ਾਰ ਦੇ ਕਰੀਬ ਕਿਸਾਨ ਮਜ਼ਦੂਰ ਹਿਰਾਸਤ ਵਿੱਚ ਲਏ ਗਏ ਜਦੋਂਕਿ ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿਰਸਾ, ਹਰਸਲਿੰਦਰ ਕਿਸ਼ਨਗੜ੍ਹ, ਅੰਗਰੇਜ਼ ਬੂਟੇਵਾਲ ਨੂੰ ਕੱਲ੍ਹ ਤੋਂ ਹੀ ਘਰਾਂ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ। ਸੁਖਜੀਤ ਹਰਦੋਝੰਡੇ, ਮਨਜੀਤ ਰਾਏ, ਕਾਕਾ ਕੋਟੜਾ, ਬਲਵੰਤ ਬਹਿਰਾਮਕੇ, ਮਲਕੀਤ ਗੁਲਾਮੀਵਾਲਾ, ਗੁਰਿੰਦਰ ਭੰਗੂ ਤੇ ਦਿਲਬਾਗ ਗਿੱਲ ਆਦਿ ਨੂੰ ਵੀ ਗ੍ਰਿਫ਼ਤਾਰ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਸ਼ੰਭੂ ਥਾਣੇ ਦਾ ਘਿਰਾਓ ਕਰਨ ਜਾ ਰਹੇ ਦਿਲਬਾਗ ਹਰੀਗੜ੍ਹ, ਸੁਰਜੀਤ ਫੂਲ ਤੇ ਹੋਰ ਆਗੂਆਂ ਨੂੰ ਵੀ ਹਿਰਾਸਤ ’ਚ ਲਿਆ ਹੈ।