ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵਿਸਾਖੀ ਮੇਲੇ ਮੌਕੇ ਕੀਤੀ ਮੀਰੀ ਪੀਰੀ ਕਾਨਫਰੰਸ
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 13 ਅਪਰੈਲ
ਵਿਸਾਖੀ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇੱਥੇ ਮੀਰੀ ਪੀਰੀ ਕਾਨਫਰੰਸ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸਿੱਖ ਕੌਮ ਦੀ ਗੁਲਾਮੀ, ਪੰਥਕ ਅਤੇ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਗਈ। ਇਸ ਮੌਕੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਿੱਖ ਕੌਮ ਨੂੰ ਇਸ ਗੱਲ ਦੇ ਯਤਨ ਕਰਨੇ ਚਾਹੀਦੇ ਹਨ ਕਿ ਉਹ ਆਪਣੇ ਫੈਸਲੇ ਆਪ ਕਰਨ ਦੇ ਸਮਰੱਥ ਬਣ ਸਕੇ। ਉਨ੍ਹਾਂ ਕਿਹਾ ਕਿ ਧਾਰਮਿਕ ਖੇਤਰ ਵਿੱਚ ਕੇਂਦਰ ਦੀ ਬੇਲੋੜੀ ਦਖ਼ਲਅੰਦਾਜ਼ੀ ਕਾਰਨ ਦੁਵਿਧਾਵਾਂ ਪੈਦਾ ਹੋ ਗਈਆਂ ਹਨ। ਕੌਮ ਆਪਸੀ ਸ਼ਰੀਕੇਬਾਜ਼ੀ ਅਤੇ ਫੁੱਟ ਦਾ ਸ਼ਿਕਾਰ ਹੋਈ ਪਈ ਹੈ। ਉਨ੍ਹਾਂ ਕਿਹਾ ਹੈ ਕਿ ਕੇਂਦਰੀ ਖੁਫ਼ੀਆ ਏਜੰਸੀਆਂ ਵਿਦੇਸ਼ਾਂ ਵਿੱਚ ਗ਼ੈਰ-ਕਾਨੂੰਨੀ ਤਰੀਕੇ ਅਪਣਾ ਕੇ ਸਿੱਖ ਆਜ਼ਾਦੀ ਪਸੰਦ ਸਿੱਖਾਂ ਨੂੰ ਸਾਜਿਸ਼ ਤਹਿਤ ਕਤਲ ਕਰ ਰਹੀਆਂ ਹਨ। ਇਸੇ ਤਹਿਤ ਹਰਿਆਣਾ ਵਿੱਚ ਦੀਪ ਸਿੱਧੂ ਅਤੇ ਪੰਜਾਬ ਵਿੱਚ ਸਿੱਧੂ ਮੂਸੇਵਾਲੇ ਨੂੰ ਖ਼ਤਮ ਕਰਵਾਇਆ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਹੁਣ ਸਿੱਖ ਨੌਜਵਾਨਾਂ ਨੂੰ ਗੈਂਗਸਟਰਵਾਦ ਦੇ ਨਾਂ ਹੇਠ ਪੁਲੀਸ ਝੂਠੇ ਮੁਕਾਬਲਿਆਂ ਵਿੱਚ ਖ਼ਤਮ ਕਰਨ ਦੇ ਰਾਹ ਪੈ ਗਈ ਹੈ। ਦਹਿਸ਼ਤ ਦਾ ਮਾਹੌਲ ਪੈਦਾ ਕਰਕੇ ਭਗਵੰਤ ਮਾਨ ਸਰਕਾਰ ਆਪਣੇ ਕੀਤੇ ਵਾਅਦਿਆਂ ’ਤੇ ਪਰਦਾ ਪਾ ਰਹੀ ਹੈ। ਇਸ ਮੌਕੇ ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ, ਪ੍ਰੋਫੈਸਰ ਮਹਿੰਦਰਪਾਲ ਸਿੰਘ, ਕੁਸ਼ਲਪਾਲ ਸਿੰਘ ਮਾਨ, ਕੁਲਦੀਪ ਸਿੰਘ ਭਾਗੋਵਾਲ, ਮਾਸਟਰ ਕਰਨੈਲ ਸਿੰਘ, ਹਰਪਾਲ ਸਿੰਘ ਬਲੇਰ, ਗੁਰਜੰਟ ਸਿੰਘ ਕੱਟੂ (ਸਾਰੇ ਜਰਨਲ ਸਕੱਤਰ), ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ,ਪਰਮਿੰਦਰ ਸਿੰਘ ਬਾਲਿਆਂਵਾਲੀ, ਬਹਾਦਰ ਸਿੰਘ ਭਸੌੜ, ਜਤਿੰਦਰ ਸਿੰਘ ਥਿੰਦ ਹਾਜ਼ਰ ਸਨ।