ਸ਼੍ਰੇਅਸ ਅਈਅਰ ਮਾਰਚ ਦੇ ਸਰਬੋਤਮ ਕ੍ਰਿਕਟਰ ਪੁਰਸਕਾਰ ਲਈ ਨਾਮਜ਼ਦ
ਦੁਬਈ: ਚੈਂਪੀਅਨਜ਼ ਟਰਾਫੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਾਰਤ ਦੇ ਮੱਧਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਨਿਊਜ਼ੀਲੈਂਡ ਦੇ ਰਚਿਨ ਰਵਿੰਦਰਾ ਅਤੇ ਜੈਕਬ ਡਫੀ ਨਾਲ ਮਾਰਚ ਮਹੀਨੇ ਲਈ ਆਈਸੀਸੀ ਦੇ ਸਰਬੋਤਮ ਕ੍ਰਿਕਟਰ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਦੀ ਖਿਤਾਬੀ ਜਿੱਤ ਦੇ ਸੂਤਰਧਾਰ ਰਹੇ ਅਈਅਰ ਨੇ ਪੰਜ ਮੈਚਾਂ ਵਿੱਚ ਦੋ ਨੀਮ ਸੈਂਕੜਿਆਂ ਨਾਲ 243 ਦੌੜਾਂ ਬਣਾਈਆਂ ਸਨ। ਆਈਸੀਸੀ ਨੇ ਬਿਆਨ ਵਿੱਚ ਕਿਹਾ, ‘ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ ਮਾਰਚ ਵਿੱਚ ਤਿੰਨ ‘ਇੱਕ ਰੋਜ਼ਾ’ ਮੈਚਾਂ ਵਿੱਚ 57.33 ਦੀ ਔਸਤ ਨਾਲ 172 ਦੌੜਾਂ ਬਣਾਈਆਂ ਅਤੇ ਟੂਰਨਾਮੈਂਟ ਵਿੱਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਰਿਹਾ।’ ਰਚਿਨ ਰਵਿੰਦਰਾ ਨੇ ਚਾਰ ਮੈਚਾਂ ਵਿੱਚ ਦੋ ਸੈਂਕੜਿਆਂ ਦੀ ਮਦਦ ਨਾਲ 263 ਦੌੜਾਂ ਬਣਾਈਆਂ ਅਤੇ ਤਿੰਨ ਵਿਕਟਾਂ ਵੀ ਲਈਆਂ। ਇਸੇ ਤਰ੍ਹਾਂ ਦੁਨੀਆ ਦੇ ਨੰਬਰ ਇੱਕ ਟੀ-20 ਗੇਂਦਬਾਜ਼ ਡਫੀ ਨੇ ਮਾਰਚ ਵਿੱਚ 6.17 ਦੀ ਇਕਾਨਮੀ ਰੇਟ ਨਾਲ 13 ਵਿਕਟਾਂ ਲਈਆਂ। ਮਾਰਚ ਮਹੀਨੇ ਦੇ ਸਰਬੋਤਮ ਮਹਿਲਾ ਕ੍ਰਿਕਟਰ ਪੁਰਸਕਾਰ ਲਈ ਅਮਰੀਕਾ ਦੀ ਚੇਤਨਾ ਪ੍ਰਸਾਦ, ਆਸਟਰੇਲੀਆ ਦੀ ਐਨਾਬਲ ਸਦਰਲੈਂਡ ਅਤੇ ਜੌਰਜੀਆ ਵੋਲ ਦੌੜ ਵਿੱਚ ਹਨ। -ਪੀਟੀਆਈ