ਸ਼ੈਲਰ ਮਾਲਕਾਂ ਵੱਲੋਂ ਐੱਫਸੀਆਈ ਦੇ ਦਫ਼ਤਰ ਅੱਗੇ ਧਰਨਾ
ਮਲਕੀਤ ਸਿੰਘ ਟੋਨੀ ਛਾਬੜਾਜਲਾਲਾਬਾਦ, 6 ਜਨਵਰੀ
ਲੋਕਲ ਸ਼ੈਲਰ ਮਿੱਲਰਾਂ ਨੂੰ ਥਾਂ ਦੇਣ ਦੀ ਬਜਾਏ ਬਾਹਰੋਂ ਗੱਡੀਆਂ ਲਵਾਉਣ ਦੇ ਰੋਸ ਵਜੋਂ ਅੱਜ ਸ਼ੈਲਰ ਮਾਲਕਾਂ ਵਲੋਂ ਜ਼ਿਲ੍ਹਾ ਪ੍ਰਧਾਨ ਸੋਨੂ ਧਮੀਜਾ ਦੀ ਅਗਵਾਈ ਹੇਠ ਐੱਫਸੀਆਈ ਦਫਤਰ ਅੱਗੇ ਧਰਨਾ ਦਿੱਤਾ ਗਿਆ ਅਤੇ ਅਧਿਕਾਰੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਸੋਨੂ ਧਮੀਜਾ ਨੇ ਦੱਸਿਆ ਕਿ 2024-25 ਦੀ ਮਿਲਿੰਗ ਸਬੰਧੀ ਪੰਜਾਬ ਸਰਕਾਰ ਨੇ ਮਿੱਲਰਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਗੱਡੀਆਂ ਲਗਾਉਣ ਲਈ ਲੋੜੀਂਦੀ ਜਗ੍ਹਾ ਦਿੱਤੀ ਜਾਵੇਗੀ ਤੇ ਜਦੋਂ ਗੱਡੀਆਂ ਲਗਾਉਣ ਦੀ ਵਾਰੀ ਆਈ ਤਾਂ ਸਾਡੀ ਸਪੇਸ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤੇ ਬਾਹਰੋਂ ਲਿਆ ਕੇ ਗੱਡੀਆਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਪਹਿਲਾਂ ਉਨ੍ਹਾਂ ਦੀਆਂ 2400 ਗੱਡੀਆਂ ਨੂੰ ਜਗ੍ਹਾ ਦਿੱਤੀ ਜਾਵੇ ਫਿਰ ਬਾਹਰ ਵਾਲੀਆਂ ਗੱਡੀਆਂ ਨੂੰ ਥਾਂ ਦਿੱਤੀ ਜਾਵੇ।
ਉੱਧਰ ਐੱਫਸੀਆਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰੇ ਪੰਜਾਬ ’ਚ ਰਾਈਸ ਡਿਲੀਵਰੀ ਦੀ ਬਹੁਤ ਘਾਟ ਹੈ ਤੇ ਕੁਝ ਗੱਡੀਆਂ ਮੱਖੂ ਦੀਆਂ ਲੱਗੀਆਂ ਹਨ, ਜਿਸ ਕਰਕੇ ਇਨ੍ਹਾਂ ਨੂੰ ਲੱਗ ਰਿਹਾ ਹੈ ਕਿ ਸਾਡੀਆਂ ਗੱਡੀਆਂ ਨਹੀਂ ਲੱਗਣਗੀਆਂ। ਉਨ੍ਹਾਂ ਕਿਹਾ ਕਿ ਇਹ ਡਿਸਟੀਕ ਲੈਵਲ ’ਤੇ ਸਿਸਟਮ ਸੈੱਟ ਹੁੰਦਾ ਹੈ ਤੇ ਉੱਚ ਅਧਿਕਾਰੀ ਜੋ ਹਦਾਇਤਾਂ ਜਾਰੀ ਕਰਦੇ ਹਨ, ਉਹ ਉਸ ਅਨੁਸਾਰ ਕੰਮ ਕਰ ਰਹੇ ਹਨ।
ਐੱਫਸੀਆਈ ਦਫ਼ਤਰ ਦੇ ਅੱਗੇ ਰੋਸ ਧਰਨਾ ਦਿੰਦੇ ਹੋਏ ਸ਼ੈਲਰ ਮਿੱਲਰ।