ਸ਼ਿਲਪਾ ਸ਼ੈਟੀ ਵੱਲੋਂ ਪਾਲੀਵੁੱਡ ਡੇਟਾ-ਡਾਇਰੈਕਟਰੀ ਰਿਲੀਜ਼
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਮਾਰਚ
ਪੰਜਾਬੀ ਮਨੋਰੰਜਨ ਇੰਡਸਟਰੀ ਦੀ 2025-2026 ਦੀ ਡੇਟਾ-ਇਨਫਰਮੇਸ਼ਨ ਤੇ ਟੈਲੀਫ਼ੋਨ ਡਾਇਰੈਕਟਰੀ ਇੱਥੇ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਵੱਲੋਂ ਰਿਲੀਜ਼ ਕੀਤੀ ਗਈ। ਇਸ ਮੌਕੇ ਸ਼ਿਲਪਾ ਸ਼ੈੱਟੀ ਨੇ ਡਾਇਰੈਕਟਰੀ ਦੇ ਸੰਪਾਦਕ ਸਪਨ ਮਨਚੰਦਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੰਜਾਬੀ ਇੰਡਸਟਰੀ ਹੁਣ ਬਾਲੀਵੁੱਡ ਵਾਂਗ ਹੀ ਸਫਲਤਾ ਦੀਆਂ ਉੱਚਾਈਆਂ ’ਤੇ ਹੈ। ਇਸ ਮੌਕੇ ਸਪਨ ਮਨਚੰਦਾ ਨੇ ਦੱਸਿਆ ਕਿ ਡਾਇਰੈਕਟਰੀ ਵਿੱਚ ਪੰਜਾਬੀ ਸਿਨੇਮਾ ਦਾ ਸੁਮੱਚਾ ਇਤਿਹਾਸ ਸ਼ਾਮਲ ਹੈ।
400 ਪੰਨਿਆਂ ਦੀ ਡਾਇਰੈਕਟਰੀ ਵਿੱਚ ਪੰਜਾਬੀ ਦੀ ਪਹਿਲੀ ਫ਼ਿਲਮ ਭਾਵ ਸਾਲ 1935 ਤੋਂ ਲੈ ਕੇ 2024 ਤੱਕ ਰਿਲੀਜ਼ ਹੋਈਆਂ ਫ਼ਿਲਮਾਂ ਦੀ ਜਾਣਕਾਰੀ ਹੈ। ਇਸ ਤੋਂ ਇਲਾਵਾ ਫ਼ਿਲਮਾਂ ਕਿਵੇਂ ਬਣਦੀਆਂ ਹਨ, ਬਜਟ ਕਿਵੇਂ ਡਿਜ਼ਾਈਨ ਹੁੰਦਾ ਹੈ, ਪੰਜਾਬ ਵਿੱਚ ਸ਼ੂਟਿੰਗ ਅਤੇ ਇਤਿਹਾਸਕ ਪੱਖ ਤੋਂ ਕਿਹੜੇ ਮਹੱਤਵਪੂਰਨ ਸਥਾਨ ਹਨ ਆਦਿ ਬਾਰੇ ਜਾਣਕਾਰੀ ਡਾਇਰੈਕਟਰੀ ਵਿੱਚ ਦਰਜ ਹੈ। ਸਪਨ ਮਨਚੰਦਾ ਨੇ ਦੱਸਿਆ ਕਿ ਡਾਇਰੈਕਟਰੀ ਵਿੱਚ ਪੰਜਾਬੀ ਮਨੋਰੰਜਨ ਜਗਤ ਨਾਲ ਜੁੜੇ ਕਰੀਬ 10 ਹਜ਼ਾਰ ਵਿਅਕਤੀਆਂ ਦੀ ਜਾਣਕਾਰੀ ਮੌਜੂਦ ਹੈ, ਜਿਸ ਨੂੰ 52 ਵਰਗਾਂ ਵਿੱਚ ਵੰਡਿਆ ਗਿਆ ਹੈ। ਡਾਇਰੈਕਟਰੀ ਵਿੱਚ ਸਪੌਟ ਬੁਆਏ ਤੋਂ ਲੈ ਕੇ ਐਕਟਰ, ਰਾਈਟਰ, ਡਾਇਰੈਕਟਰ, ਮਾਡਲ, ਮਿਊਜ਼ਿਕ ਡਾਇਰੈਕਟਰ, ਪ੍ਰੋਡਿਊਸਰ, ਗਾਇਕ, ਗੀਤਕਾਰ ਸਣੇ ਹਰ ਬੰਦੇ ਬਾਰੇ ਜਾਣਕਾਰੀ ਤਸਵੀਰਾਂ, ਸੰਪਰਕ ਨੰਬਰ ਤੇ ਸੋਸ਼ਲ ਮੀਡੀਆ ਡਿਟੇਲ ਸਣੇ ਹਾਸਲ ਕੀਤੀ ਜਾ ਸਕਦੀ ਹੈ। ਇਸ ਮੌਕੇ ਕਾਬੋਬਾਰੀ ਤੇ ਅਦਾਕਾਰ ਰਾਜ ਕੁੰਦਰਾ, ਪੰਜਾਬ ਫਿਲਮ ਸਿਟੀ ਦੇ ਮੁਖੀ ਇਕਬਾਲ ਸਿੰਘ ਚੀਮਾ ਅਤੇ ਫ਼ਿਲਮ ਨਿਰਦੇਸ਼ਕ ਰਾਕੇਸ਼ ਮਹਿਤਾ ਹਾਜ਼ਰ ਸਨ।