ਸ਼ਹੀਦ ਊਧਮ ਸਿੰਘ ਦਾ ਜਨਮ ਦਿਨ ਮਨਾਇਆ
ਪੱਤਰ ਪ੍ਰੇਰਕ
ਜਲੰਧਰ, 26 ਦਸੰਬਰ
ਇਥੇ ਸ਼ਹੀਦ ਊਧਮ ਸਿੰਘ ਯੂਥ ਕਲੱਬ ਮਾਡਲ ਹਾਊਸ ਵੱਲੋਂ ਆਜ਼ਾਦੀ ਘੁਲਾਟੀਏ ਸਰਦਾਰ ਊਧਮ ਸਿੰਘ ਦੇ ਜਨਮ ਦਿਨ ’ਤੇ ਮਾਡਲ ਹਾਊਸ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਵਿਸ਼ੇਸ਼ ਤੌਰ ’ਤੇ ਪੁੱਜੇ ਅਤੇ ਉਨ੍ਹਾਂ ਨੇ ਸ਼ਹੀਦ ਊਧਮ ਸਿੰਘ ਦੀ ਪੇਂਟਿੰਗ ’ਤੇ ਹਾਰ ਪਾ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਮਹਿੰਦਰ ਭਗਤ ਨੇ ਦੱਸਿਆ ਕਿ ਸਰਦਾਰ ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਸੰਗਰੂਰ, ਪੰਜਾਬ ਵਿੱਚ ਹੋਇਆ। ਉਨ੍ਹਾਂ ਕਿਹਾ ਕਿ ਊਧਮ ਸਿੰਘ ਉਹ ਕ੍ਰਾਂਤੀਕਾਰੀ ਸੀ ਜਿਸਨੇ ਆਜ਼ਾਦੀ ਸੰਗਰਾਮ ਦੌਰਾਨ ਜਲ੍ਹਿਆਂਵਾਲਾ ਬਾਗ ਦੇ ਸਾਕੇ ਲਈ ਜ਼ਿੰਮੇਵਾਰ ਜਨਰਲ ਡਾਇਰ ਨੂੰ ਲੰਡਨ, ਬਰਤਾਨੀਆ ਵਿੱਚ ਗੋਲੀ ਮਾਰ ਦਿੱਤੀ ਸੀ। ਊਧਮ ਸਿੰਘ ਨੇ ਭਾਰਤ ਵਿੱਚ ਬੇਗੁਨਾਹ ਲੋਕਾਂ ਦੇ ਕਤਲ ਦਾ ਬਦਲਾ ਲਿਆ। ਊਧਮ ਸਿੰਘ ਦੀ ਬਹਾਦਰੀ ਸ਼ਲਾਘਾਯੋਗ ਸੀ। ਜਨਰਲ ਡਾਇਰ ਦੇ ਕਤਲ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਉਸ ਨੇ ਆਪਣੀ ਗ੍ਰਿਫਤਾਰੀ ਵੀ ਦਿੱਤੀ ਸੀ। ਇਸ ਮੌਕੇ ਵਾਰਡ ਨੰਬਰ 42 ਦੇ ਕੌਂਸਲਰ ਰੋਮੀ ਵਧਵਾ, ਵਾਰਡ ਨੰਬਰ 43 ਦੇ ਕੌਂਸਲਰ ਓਮਕਾਰ ਰਾਜੀਵ ਟਿੱਕਾ, ਵਾਰਡ ਨੰਬਰ 58 ਦੇ ਕੌਂਸਲਰ ਮਨੀਸ਼ ਕਾਰਲੂਪੀਆ, ਹੀਰਾ ਸਿੰਘ ਬੋਲੀਆਨਾ, ਮੌਂਟੂ ਸਿੰਘ, ਨਵੀਨ ਸੋਨੀ ਹਾਜ਼ਰ ਸਨ।