ਸ਼ਰਾਬ ਪੀਂਦਿਆਂ ਪਰਵਾਸੀ ਖਹਿਬੜੇ; ਸੋਟੀ ਮਾਰ ਕੇ ਕੀਤਾ ਕਤਲ
ਟ੍ਰਿਬਿਊਨ ਨਿਊਜ਼ ਸਰਵਿਸਅੰਮ੍ਰਿਤਸਰ, 20 ਮਾਰਚ
ਬਿਹਾਰ ਦਾ ਪਰਵਾਸੀ ਜਿਸ ਦੀ ਪਛਾਣ ਮੁਹੰਮਦ ਮਜ਼ੀਦ ਵਜੋਂ ਹੋਈ ਹੈ, ਕੱਲ੍ਹ ਦੇਰ ਸ਼ਾਮ ਛੇਹਰਟਾ ਦੇ ਜੰਡ ਪੀਰ ਕਲੋਨੀ ਵਿੱਚ ਆਪਣੇ ਕਿਰਾਏ ਦੇ ਮਕਾਨ ਵਿੱਚ ਮ੍ਰਿਤਕ ਪਾਇਆ ਗਿਆ। ਪੁਲੀਸ ਨੇ ਕਤਲ ਦੇ ਦੋਸ਼ ਹੇਠ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਇੱਕ ਹੋਰ ਪਰਵਾਸੀ ਦਸ਼ਰਥ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਉਸ ਦਾ ਭਰਾ ਰੋਜ਼ਾ ਖੋਲ੍ਹਣ ਤੋਂ ਬਾਅਦ ਘਰ ਵਾਪਸ ਆਇਆ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਸਬੰਧ ਵਿੱਚ ਅਣਪਛਾਤੇ ਵਿਅਕਤੀਆਂ ਵਿਰੁੱਧ ਐਫਆਈਆਰ ਦਰਜ ਕਰਕੇ ਪੁਲੀਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਛੇਹਰਟਾ ਪੁਲੀਸ ਸਟੇਸ਼ਨ ਦੇ ਐਸਐਚਓ ਵਿਨੋਦ ਕੁਮਾਰ ਨੇ ਕਿਹਾ ਕਿ ਮਜ਼ੀਦ ਪਿਛਲੇ ਦੋ ਸਾਲਾਂ ਤੋਂ ਜੰਡ ਪੀਰ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਰਾਤ 10 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਉਸ ਦੇ ਸਿਰ ’ਤੇ ਕਿਸੇ ਨੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਸੀ ਜਿਸ ਕਾਰਨ ਉਸਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਬਾਅਦ, ਪੁਲੀਸ ਨੇ ਦਸ਼ਰਥ ਕੁਮਾਰ ਨੂੰ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ ਜੋ ਨੇੜੇ ਹੀ ਰਹਿੰਦਾ ਹੈ। ਜਾਂਚ ਦੌਰਾਨ ਇਹ ਪਾਇਆ ਗਿਆ ਕਿ ਦੋਵੇਂ ਸ਼ਰਾਬ ਪੀ ਰਹੇ ਸਨ ਅਤੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਤੋਂ ਗੁੱਸੇ ਵਿੱਚ ਆ ਕੇ ਦਸ਼ਰਥ ਨੇ ਮਜ਼ੀਦ ਨੂੰ ਸੋਟੀ ਨਾਲ ਵਾਰ ਕੀਤਾ ਜਿਸ ਨਾਲ ਉਸ ਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ, ਜਿਸ ਕਾਰਨ ਉਸਦੀ ਮੌਤ ਹੋ ਗਈ।