ਸਹੁੰ ਚੁੱਕ ਸਮਾਗਮ ਦੀ ਉਡੀਕ ਕਰ ਰਹੇ ਨੇ ਨਵੇਂ ਕੌਂਸਲਰ
ਨਗਰ ਨਿਗਮ ਦੀਆਂ ਚੋਣਾਂ ਜਿੱਤਣ ਦੇ ਬਾਵਜੂਦ ਨਵੇਂ ਚੁਣੇ ਗਏ ਕੌਂਸਲਰ ਹਾਲੇ ਵੀ ਆਪਣੇ ਘਰਾਂ ਵਿੱਚ ਬੈਠੇ ਹੋਏ ਹਨ। ਪਿਛਲੇ ਇੱਕ ਹਫ਼ਤੇ ਤੋਂ ਇਹ ਨਵੇਂ ਚੁਣੇ ਗਏ ਕੌਂਸਲਰ ਸਹੁੰ ਚੁੱਕ ਸਮਾਗਮ ਦੀ ਉਡੀਕ ਕਰ ਰਹੇ ਹਨ। ਪਰ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਸਮਾਗਮ ਸਬੰਧੀ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ। ਸੁਹੰ ਚੁੱਕਣ ਤੋਂ ਬਾਅਦ ਇਹ ਕੌਂਸਲਰ ਸ਼ਹਿਰ ਵਿੱਚ ਕੌਂਸਲਰ ਵੱਜੋਂ ਆਪਣਾ ਕੰਮ ਸ਼ੁਰੂ ਕਰ ਸੱਕਣਗੇ ਅਤੇ ਉਸ ਤੋਂ ਬਾਅਦ ਹੀ ਕੌਂਸਲਰ ਵਜੋਂ ਦਸਤਾਵੇਜ਼ਾਂ ਦੀ ਤਸਦੀਕ ਦਾ ਕੰਮ ਵੀ ਸ਼ੁਰੂ ਹੋ ਸਕੇਗਾ। ਉਧਰ, ਵਿਰੋਧੀ ਧਿਰ ਦੇ ਕੌਂਸਲਰਾਂ ਦਾ ਦੋਸ਼ ਹੈ ਕਿ ਪਹਿਲਾਂ ਸਰਕਾਰ ਚੋਣਾਂ ਨਹੀਂ ਕਰਵਾ ਰਹੀ ਸੀ ਤੇ ਹੁਣ ਜਾਣ-ਬੁੱਝ ਕੇ ਸਹੁੰ ਚੁੱਕ ਸਮਾਗਮ ਨਹੀਂ ਕਰਵਾਇਆ ਜਾ ਰਿਹਾ।
ਜ਼ਿਕਰਯੋਗ ਹੈ ਕਿ ਬੀਤੀ 21 ਦਸੰਬਰ ਨੂੰ ਨਿਗਮ ਚੋਣਾਂ ਲਈ ਵੋਟਿੰਗ ਹੋਈ ਸੀ ਤੇ ਤੁਰੰਤ ਬਾਅਦ ਨਤੀਜੇ ਐਲਾਨ ਦਿੱਤੇ ਗਏ ਸਨ। ਨਤੀਜਿਆਂ ਵਿੱਚ ਕੁਲ 95 ਵਾਰਡਾਂ ’ਚੋਂ 41 ਵਾਰਡ ’ਆਪ’ ਦੇ ਹਿੱਸੇ ਆਏ ਅਤੇ ਕਾਂਗਰਸ 30 ਵਾਰਡ ਜਿੱਤ ਕੇ ਦੂਜੇ ਸਥਾਨ ’ਤੇ ਰਹੀ, ਜਦਕਿ ਭਾਜਪਾ ਨੇ 19 ਵਾਰਡਾਂ ’ਚ ਜਿੱਤ ਹਾਸਲ ਕੀਤੀ। ਇਸ ਤੋਂ ਬਿਨਾਂ 10 ਸਾਲ ਸੱਤਾ ’ਤੇ ਕਾਬਜ਼ ਰਹੇ ਅਕਾਲੀ ਦਲ ਦੇ ਸਿਰਫ 2 ਕੌਂਸਲਰ ਜਿੱਤ ਸਕੇ। ਆਜ਼ਾਦ ਕੌਂਸਲਰਾਂ ਵਿੱਚੋਂ ਵਾਰਡ 11 ਤੋਂ ਦੀਪਾ ਰਾਣੀ ਤੇ ਵਾਰਡ 6 ਤੋਂ ਜਗਦੀਸ਼ ਕੁਮਾਰ ਦੀਸ਼ਾ ‘ਆਪ’ ਵਿੱਚ ਸ਼ਾਮਲ ਹੋ ਗਏ ਹਨ ਜਿਸ ਮਗਰੋਂ ’ਆਪ’ ਕੋਲ 43 ਕੌਂਸਲਰ ਹੋ ਗਏ ਹਨ। ‘ਆਪ’ ਇਸ ਵੇਲੇ ਮੇਅਰ ਬਣਾਉਣ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ ਜਿਸ ਕਾਰਨ ਕੌਂਸਲਰਾਂ ਦਾ ਸਹੁੰ ਚੁੱਕ ਸਮਾਗਮ ਨਹੀਂ ਹੋ ਰਿਹਾ।
ਕੰਮ ਕਾਰ ਲਈ ਲੋਕ ਨਵ-ਨਿਯੁਕਤ ਕੌਂਸਲਰਾਂ ਕੋਲ ਆਉਣੇ ਸ਼ੁਰੂ ਹੋ ਗਏ ਹਨ ਪਰ ਸਹੁੰ ਚੁੱਕ ਸਮਾਗਮ ਨਾ ਕਰਵਾਏ ਜਾਣ ਕਾਰਨ ਉਕਤ ਕੌਂਸਲਰ ਲੋਕਾਂ ਨੂੰ ਵਾਪਸ ਭੇਜ ਰਹੇ ਹਨ। ਭਾਜਪਾ ਕੌਂਸਲਰ ਗੌਰਵਜੀਤ ਸਿੰਘ ਗੋਰਾ ਨੇ ਕਿਹਾ ਕਿ ਪਹਿਲਾਂ ਸਰਕਾਰ ਨੇ ਨਗਰ ਨਿਗਮ ਚੋਣਾਂ ਕਰਵਾਉਣ ਵਿੱਚ ਦੇਰੀ ਕੀਤੀ ਤੇ ਹੁਣ ਸਹੁੰ ਚੁੱਕ ਸਮਾਗਮ ਨਹੀਂ ਕਰਵਾਇਆ ਜਾ ਰਿਹਾ।