ਸਹਿਜੋ ਮਾਜਰਾ ਦੇ ਪੰਚ ਇੰਦੀ ਦਿਓਲ ਵੱਲੋਂ ਸੁਰੱਖਿਆ ਦੀ ਮੰਗ
ਨੇੜਲੇ ਪਿੰਡ ਸਹਿਜੋ ਮਾਜਰਾ ਦੇ ਪੰਚ ਅਤੇ ਗਾਇਕ ਇੰਦੀ ਦਿਓਲ ਨੇ ਅੱਜ ਇਥੇ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਸ ਦੀ ਜਾਨ ਨੂੰ ਖਤਰਾ ਹੈ ਤੇ ਉਸ ਉੱਪਰ ਹਮਲੇ ਕੀਤੇ ਜਾ ਰਹੇ ਹਨ। ਗਾਇਕ ਇੰਦੀ ਦਿਓਲ ਨੇ ਮਾਛੀਵਾੜਾ ਥਾਣਾ ਮੁਖੀ ਤੋਂ ਇਲਾਵਾ ਪੁਲੀਸ ਉੱਚ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਇੱਕ ਗਾਇਕ ਦੇ ਨਾਲ ‘ਆਪ’ ਵਰਕਰ ਵੀ ਹੈ ਤੇ ਉਸ ਨੇ ਪੰਚਾਇਤ ਚੋਣਾਂ ਦੌਰਾਨ ਪੰਚ ਦੀ ਚੋਣ ਜਿੱਤੀ ਹੈ। ਉਸ ਨੇ ਦੋਸ਼ ਲਾਇਆ ਕਿ ਪੰਚਾਇਤੀ ਚੋਣਾਂ ਦੌਰਾਨ ਵਿਰੋਧੀ ਪਾਰਟੀ ਨੇ ਪਿੰਡ ਵਿੱਚ ਵੱਡੀ ਗਿਣਤੀ ਵਿੱਚ ਸ਼ਰਾਬ ਦੀਆਂ ਪੇਟੀਆਂ ਲਿਆਂਦੀਆਂ ਸਨ ਜਿਸ ਸਬੰਧੀ ਉਸ ਨੇ ਮੌਜੂਦਾ ਵਿਧਾਇਕ ਨੂੰ ਦੱਸ ਕੇ ਸ਼ਰਾਬ ਫੜਵਾਈ ਸੀ।
ਇੰਦੀ ਦਿਓਲ ਨੇ ਦੋਸ਼ ਲਾਇਆ ਕਿ ਇਸੇ ਰੰਜਿਸ਼ ਤਹਿਤ ਵਿਰੋਧੀ ਧਿਰ ਹੁਣ ਉਸ ਨੂੰ ਜਾਨ ਤੋਂ ਮਾਨ ਦੀਆਂ ਧਮਕੀਆਂ ਦੇ ਰਹੀ ਹੈ ਤੇ ਹਮਲੇ ਵੀ ਕਰਵਾ ਰਹੀ ਹੈ। ਉਸ ਨੇ ਦੱਸਿਆ ਕਿ ਪਿਛਲੇ ਦਿਨੀਂ ਉਸ ਪਿੱਛੇ ਕੁਝ ਕਾਰ ਸਵਾਰ ਲੱਗ ਗਏ ਜਿਨ੍ਹਾਂ ਤੋਂ ਉਸ ਨੇ ਮੁਸ਼ਕਲ ਨਾਲ ਜਾਨ ਬਚਾਈ। ਉਸ ਨੂੰ ਵਿਦੇਸ਼ੀ ਨੰਬਰਾਂ ਤੋਂ ਵਟਸਐਪ ਕਾਲਾਂ ਰਾਹੀਂ ਵੀ ਧਮਕੀਆਂ ਮਿਲ ਰਹੀਆਂ ਹਨ। ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ ਪਰ ਕੋਈ ਕਾਰਵਾਈ ਨਹੀਂ ਹੋਈ ਜਿਸ ਮਗਰੋਂ ਉਸ ਨੇ ਅਦਾਲਤ ਵਿੱਚ ਕੇਸ ਵੀ ਦਰਜ ਕੀਤਾ ਹੈ। ਇੰਦੀ ਦਿਓਲ ਨੇ ਪੁਲੀਸ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ।
ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਮਗਰੋਂ ਦੋਵੇਂ ਧਿਰਾਂ ਨੂੰ ਥਾਣੇ ਸੱਦਿਆ ਗਿਆ ਸੀ ਪਰ ਸ਼ਿਕਾਇਤਕਰਤਾ ਵਾਰ ਵਾਰ ਬੁੁਲਾਉਣ ’ਤੇ ਵੀ ਥਾਣੇ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਸਾਹਮਣੇ ਆਉਣ ’ਤੇ ਬਿਆਨ ਦਰਜ ਕੀਤੇ ਜਾਣਗੇ।