ਰਾਮ ਗੋਪਾਲ ਰਾਏਕੋਟੀਰਾਏਕੋਟ, 13 ਦਸੰਬਰਨੇੜਲੇ ਪਿੰਡ ਤਾਜਪੁਰ ਵਿੱਚ ਬੀਤੇ ਕੱਲ੍ਹ ਪਿੰਡ ਦੀ ਸਹਿਕਾਰੀ ਸਭਾ ਦੀ ਚੋਣ ਲਈ ਨਾਮਜ਼ਦਗੀਆਂ ਰੱਦ ਕਰਨ ਦੇ ਮਾਮਲੇ ਵਿੱਚ ਸਹਿਕਾਰੀ ਸਭਾ ਦੇ ਗੇਟ ’ਤੇ ਰੋਸ ਧਰਨਾ ਦੇ ਰਹੇ ਰੱਦ ਹੋਈਆਂ ਨਾਮਜ਼ਦਗੀਆਂ ਵਾਲੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਪੁਲੀਸ ਵੱਲੋਂ ਜਬਰੀ ਖਦੇਣ ਦੇਣ ਤੋਂ ਬਾਅਦ ਦੇਰ ਰਾਤ ਪ੍ਰਦਰਸ਼ਨਕਾਰੀਆਂ ਤੇ ਥਾਣਾ ਸਦਰ ਰਾਏਕੋਟ ਦੀ ਪੁਲੀਸ ਨੇ ਆਰ.ਓ ਸੁਰਿੰਦਰ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕਰਕੇ ਇੱਕ ਵਿਅਕਤੀ ਦੀ ਗ੍ਰਿਫ਼ਤਾਰੀ ਕੀਤੀ ਹੈ।ਮੁਕੱਦਮੇ ਵਿੱਚ ਨਾਮਜ਼ਦ ਕੀਤੇ ਗਏ ਵਿਅਕਤੀਆਂ ਵਿੱਚ ਪਿੰਡ ਦੀ ਸਰਪੰਚ ਹਰਦੇਵ ਕੌਰ ਤੇ ਉਸ ਦਾ ਪੁੱਤਰ ਬਲਜੀਤ ਸਿੰਘ, ਗੁਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਹਰਦੀਪ ਸਿੰਘ, ਗੁਰਜੰਟ ਸਿੰਘ ਸਮੇਤ 35 ਤੋਂ 40 ਅਣਪਛਾਤੇ ਵਿਅਕਤੀਆਂ ਦੇ ਨਾਮ ਸ਼ਾਮਲ ਹਨ। ਇਨ੍ਹਾਂ ਵਿੱਚੋਂ ਪੁਲੀਸ ਨੇ ਹਰਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧ ਵਿੱਚ ਥਾਣਾ ਸਦਰ ਰਾਏਕੋਟ ਵਿੱਚ ਆਰ.ਓ ਸੁਰਿੰਦਰ ਸਿੰਘ ਨੇ ਬਿਆਨ ਦਿੱਤਾ ਹੈ ਕਿ ਉਸ ਦੀ ਡਿਊਟੀ ਤਾਜਪੁਰ ਬਹੁਮੰਤਵੀ ਸਹਿਕਾਰੀ ਸਭਾ ਦੀ ਚੋਣ ਵਿੱਚ ਲਗਾਈ ਗਈ ਸੀ ਜਿਥੇ ਤਕਨੀਕੀ ਖਾਮੀਆਂ ਕਰਕੇ ਰੱਦ ਹੋਈਆਂ ਨਾਮਜ਼ਦਗੀਆਂ ਵਾਲੇ ਉਮੀਦਵਾਰਾਂ ਨੇ ਆਪਣੇ ਸਮਰਥਕਾ ਨੂੰ ਬੁਲਾ ਕੇ ਉਸ ਨੂੰ ਸਭਾ ਦੇ ਦਫ਼ਤਰ ਅੰਦਰ ਬੰਦ ਕਰ ਦਿੱਤਾ ਤੇ ਸੁਸਾਇਟੀ ਦੇ ਗੇਟ ਨੂੰ ਤਾਲਾ ਲਾ ਦਿੱਤਾ। ਇਸ ਮੌਕੇ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ। ਇਸ ਸਬੰਧ ਵਿੱਚ ਥਾਣਾ ਸਦਰ ਦੇ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਹਰਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਦੂਜੀ ਧਿਰ ਨੇ ਅੱਜ ਲੁਧਿਆਣਾ ਵਿੱਚ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਮਾਮਲੇ ਦੀ ਨਿਰਪੱਖ ਜਾਂਚ ਤੇ ਨਵੇਂ ਸਿਰੇ ਤੋਂ ਚੋਣ ਕਰਾਉਣ ਦੀ ਮੰਗ ਕੀਤੀ ਹੈ। ਜਿਸ ਦੇ ਸਬੰਧ ’ਚ ਡਿਪਟੀ ਕਮਿਸ਼ਨਰ ਵਲੋਂ ਸਹਾਇਕ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਜਾਂਚ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।ਕਾਂਗਰਸ ਪਾਰਟੀ ਵੱਲੋਂ ਪ੍ਰਸ਼ਾਸਨ ਦੀ ਕਾਰਵਾਈ ਦੀ ਨਿਖੇਧੀਕਾਂਗਰਸ ਦੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਨੇ ਅੱਜ ਇਥੇ ਕਿਹਾ ਕਿ ਸ਼ਾਂਤੀ ਪੂਰਨ ਰੋਸ ਪ੍ਰਦਰਸ਼ਨ ਕਰ ਰਹੇ ਪਿੰਡ ਵਾਸੀਆਂ ਨੂੰ ਪੁਲੀਸ ਵੱਲੋਂ ਜਬਰੀ ਹਟਾਇਆ ਜਾਣਾ ਨਿੰਦਣਯੋਗ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੀੜਤ ਧਿਰ ਨੂੰ ਨਿਆਂ ਦਿਵਾਉਣ ਲਈ ਹਰ ਤਰ੍ਹਾਂ ਤਿਆਰ ਹੈ।