ਸਰੀ: ਫਿਰੌਤੀਆਂ ਖ਼ਿਲਾਫ਼ ਮੀਟਿੰਗ ਦਾ ਨਹੀਂ ਨਿਕਲਿਆ ਕੋਈ ਸਿੱਟਾ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 17 ਜੂਨ
ਸਰੀ ਵਿੱਚ ਪਿਛਲੇ ਦਿਨੀਂ ਕਈ ਭਾਰਤੀ ਵਪਾਰੀਆਂ ਨੂੰ ਆਈਆਂ ਫਿਰੌਤੀ ਵਾਲੀਆਂ ਧਮਕੀਆਂ ਖ਼ਿਲਾਫ਼ ਇੱਥੇ ਇੱਕ ਹਾਲ ’ਚ ਸਰਕਾਰੀ ਨੁਮਾਇੰਦਿਆਂ ਤੇ ਪ੍ਰਮੁੱਖ ਕਾਰੋਬਾਰੀਆਂ ਵਿਚਾਲੇ ਹੋਈ ਮੀਟਿੰਗ ਦਾ ਕੋਈ ਠੋਸ ਸਿੱਟਾ ਨਹੀਂ ਨਿਕਲਿਆ। ਇਸ ਦੌਰਾਨ ਸਰਕਾਰੀ ਨੁਮਾਇੰਦਿਆਂ ਨੇ ਇਨ੍ਹਾਂ ਘਟਨਾਵਾਂ ਨੂੰ ਸੂਬਾ ਅਤੇ ਕੇਂਦਰ ਸਰਕਾਰ ਦੀ ਅਣਗਹਿਲੀ ਦਾ ਨਤੀਜਾ ਦੱਸਿਆ। ਸਰੀ ਦੀ ਮੇਅਰ ਨੇ ਇਸ ਦਾ ਨਜ਼ਲਾ ਕੇਂਦਰੀ ਪੁਲੀਸ ਦੀ ਥਾਂ ਸਰੀ ਪੁਲੀਸ ਦੀ ਸਥਾਪਨਾ ’ਤੇ ਝਾੜ ਕੇ ਆਪ ਸੁਰਖੁਰੂ ਹੋਣ ਦਾ ਯਤਨ ਕੀਤਾ। ਸਰੀ ਤੋਂ 5ਵੀਂ ਵਾਰ ਸੰਸਦ ਮੈਂਬਰ ਸੁੱਖ ਧਾਲੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੇਂਦਰੀ ਪੁਲੀਸ (ਆਰਸੀਐੱਮਪੀ) ਦੀ ਨਫਰੀ ਵਧਾਈ ਜਾ ਰਹੀ ਹੈ। ਉਨ੍ਹਾਂ ਅਮਨ-ਕਾਨੂੰਨ ਲਈ ਸੂਬਾਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕੇਂਦਰ ਵੱਲੋਂ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ। ਦੂਜੇ ਪਾਸੇ ਸੂਬਾਈ ਲੋਕ ਸੁਰੱਖਿਆ ਮੰਤਰੀ ਨੇ ਕੇਂਦਰ ਦੇ ਨਰਮ ਕਾਨੂੰਨਾਂ ਵਿੱਚ ਸੋਧ ਕਰਕੇ ਇਨ੍ਹਾਂ ਨੂੰ ਸਖ਼ਤ ਕਰਨਾ ਹੀ ਅਜਿਹੇ ਅਪਰਾਧ ਰੋਕਣ ਦਾ ਹੱਲ ਦੱਸਿਆ।
ਲਕਸ਼ਮੀ ਨਾਰਾਇਣ ਮੰਦਰ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ, ਜਿਨ੍ਹਾਂ ਨੂੰ ਦੋ ਵਾਰ ਫਿਰੌਤੀ ਦੀਆਂ ਧਮਕੀਆਂ ਆ ਚੁੱਕੀਆਂ ਹਨ, ਦੇ ਸੱਦੇ ’ਤੇ ਹੋਏ ਇਕੱਠ ਮੌਕੇ ਭਾਈਚਾਰਕ ਦੂਸ਼ਣਬਾਜ਼ੀ ਵੀ ਹੋਈ। ਬਹੁਤੇ ਲੋਕਾਂ ਨੇ ਇਕੱਠ ਦੇ ਦਿਨ ਅਤੇ ਸਮੇਂ ਨੂੰ ਦੋ ਸਾਲ ਪਹਿਲਾਂ ਸਰੀ ਗੁਰਦੁਆਰੇ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੀ ਦੂਜੀ ਬਰਸੀ ਦੇ ਸਮਾਗਮ ਨਾਲ ਜੋੜਦਿਆਂ ਇਸ ਨੂੰ ਗਲਤ ਦੱਸਿਆ। ਸਤੀਸ਼ ਕੁਮਾਰ ਨੇ ਕਿਹਾ ਕਿ ਇਕੱਠ ਕਰਨ ਦਾ ਮਕਸਦ ਅਜਿਹੇ ਰੁਝਾਨਾਂ ਨੂੰ ਹੁਣੇ ਹੀ ਰੋਕਣਾ ਹੈ।