ਗੁਰਦੀਪ ਸਿੰਘ ਟੱਕਰਮਾਛੀਵਾੜਾ, 10 ਜਨਵਰੀਸਰਹਿੰਦ ਨਹਿਰ ਨੂੰ ਪੱਕਾ ਕਰਨ ਦੇ ਮਾਮਲੇ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਅਤੇ ਸਥਾਨਕ ਵਸਨੀਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ’ਤੇ ਵਾਅਦਾ ਖਿਲਾਫ਼ੀ ਦਾ ਦੋਸ਼ ਲਗਾਉਂਦਿਆਂ ਅੱਜ ਗੜ੍ਹੀ ਪੁਲ ’ਤੇ ਚੱਕਾ ਜਾਮ ਕਰ ਦਿੱਤਾ ਜਿਸ ਕਾਰਨ ਰੋਪੜ ਤੋਂ ਲੁਧਿਆਣਾ ਅਤੇ ਖੰਨਾ ਤੋਂ ਨਵਾਂਸ਼ਹਿਰ ਮਾਰਗ ਦੀ ਆਵਾਜਾਈ ਠੱਪ ਹੋ ਗਈ। ਸੰਯੁਕਤ ਕਿਸਾਨ ਮੋਰਚਾ ਦੇ ਆਗੂ ਸੁਖਵਿੰਦਰ ਸਿੰਘ ਭੱਟੀਆਂ, ਹਰਦੀਪ ਸਿੰਘ ਗਿਆਸਪੁਰਾ, ਜੋਗਿੰਦਰ ਸਿੰਘ ਸੇਹ, ਅਕਾਲੀ ਦਲ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਉਨ੍ਹਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਨਹਿਰ ਨੂੰ ਪੱਕਾ ਨਹੀਂ ਕੀਤਾ ਜਾਵੇਗਾ ਅਤੇ ਨਹਿਰ ਨੂੰ ਚੌੜਾ ਕਰਨ ਲਈ ਮਿੱਟੀ ਦੀ ਜੋ ਪੁਟਾਈ ਹੋਵੇਗੀ ਉਸ ਨੂੰ ਕਿਨਾਰਿਆਂ ’ਤੇ ਮਜ਼ਬੂਤੀ ਲਈ ਲਗਾਇਆ ਜਾਵੇਗਾ।ਉਕਤ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਨਹਿਰ ਪੱਕੀ ਕਰਨ ਵਾਲੇ ਠੇਕੇਦਾਰ ਦੀ ਮਿਲੀਭੁਗਤ ਨਾਲ ਨਹਿਰ ਦੀ ਮਿੱਟੀ ਪੁੱਟ ਕੇ ਬਾਹਰ ਭੇਜੀ ਜਾ ਰਹੀ ਹੈ ਜਿਸ ਕਾਰਨ ਸੜਕ ਅਤੇ ਆਲੇਦ-ਦੁਆਲੇ ਦੇ ਖੇਤਾਂ ਨੂੰ ਖ਼ਤਰਾ ਖੜ੍ਹਾ ਹੋ ਸਕਦਾ ਹੈ ਅਤੇ ਜਾਨੀ, ਮਾਲੀ ਨੁਕਸਾਨ ਵੀ ਹੋ ਸਕਦਾ ਹੈ। ਉਕਤ ਆਗੂਆਂ ਨੇ ਕਿਹਾ ਕਿ ਹਾਲੇ ਤੱਕ ਉਨ੍ਹਾਂ ਨਾਲ ਗੱਲਬਾਤ ਲਈ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਆਇਆ ਅਤੇ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਉਦੋਂ ਤੱਕ ਇਹ ਚੱਕਾ ਜਾਮ ਜਾਰੀ ਰਹੇਗਾ। ਰੋਪੜ ਤੋਂ ਲੁਧਿਆਣਾ ਅਤੇ ਖੰਨਾ ਤੋਂ ਨਵਾਂਸ਼ਹਿਰ ਮਾਰਗ ਦੀ ਆਵਜਾਈ ਠੱਪ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਪੁਲੀਸ ਵੱਲੋਂ ਆਵਾਜਾਈ ਬਹਾਲ ਕਰਨ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਸਨ। ਇਸ ਮੌਕੇ ਆੜ੍ਹਤੀ ਜਗਨਨਾਥ, ਮਨਜੀਤ ਸਿੰਘ ਪਵਾਤ, ਅਵਤਾਰ ਸਿੰਘ ਸ਼ੇਰੀਆਂ ਵੀ ਮੌਜੂਦ ਸਨ। ਪ੍ਰਸਾਸ਼ਨਿਕ ਅਧਿਕਾਰੀਆਂ ਦੇ ਭਰੋਸਾ ਦਿਵਾਉਣ ਅਤੇ ਨਹਿਰ ’ਚੋਂ ਮਿੱਟੀ ਪੁੱਟਣ ਮਾਮਲੇ ਵਿਚ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨ ਮਗਰੋਂ ਬਾਅਦ ਕਿਸਾਨਾਂ ਨੇ ਧਰਨਾ ਖਤਮ ਕਰ ਦਿੱਤਾ।ਨਹਿਰ ’ਚੋਂ ਮਿੱਟੀ ਪੁੱਟਣ ਦੇ ਮਾਮਲੇ ’ਚ 2 ਅਧਿਕਾਰੀ ਮੁਅੱਤਲ: ਐੱਸਡੀਐੱਮਗੜ੍ਹੀ ਨਹਿਰ ਪੁਲ ’ਤੇ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਲੋਕਾਂ ਨੂੰ ਮਨਾਉਣ ਲਈ ਐੱਸਡੀਐੱਮ ਸਮਰਾਲਾ ਰਜਨੀਸ਼ ਅਰੋੜਾ, ਡੀਐੱਸਪੀ ਤਰਲੋਚਨ ਸਿੰਘ ਅਤੇ ਨਹਿਰੀ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਪੁੱਜੇ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਨਹਿਰ ’ਚੋਂ ਮਿੱਟੀ ਪੁੱਟ ਕੇ ਬਾਹਰ ਭੇਜਣ ਦੇ ਮਾਮਲੇ ਵਿਚ ਵਿਭਾਗ ਦਾ ਐੱਸਡੀਓ ਤੇ ਜੇਈ ਮੁਅੱਤਲ ਕੀਤੇ ਗਏ ਹਨ ਅਤੇ ਠੇਕੇਦਾਰ ਦੀ ਜਾਂਚ ਕਰ ਕੇ ਉਸ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਐੱਸਡੀਐੱਮ ਸਮਰਾਲਾ ਨੇ ਕਿਹਾ ਕਿ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਨਹਿਰ ’ਚੋਂ ਮਿੱਟੀ ਪੁੱਟ ਕੇ ਕਿਨਾਰਿਆਂ ’ਤੇ ਲਗਾਈ ਜਾਵੇਗੀ ਅਤੇ ਦਰੱਖ਼ਤਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਅਧਿਕਾਰੀ ਨੇ ਕੁਤਾਹੀ ਵਰਤੀ ਹੈ ਤਾਂ ਉਹ ਬਖਸ਼ਿਆ ਨਹੀਂ ਜਾਵੇਗਾ।