ਨਿੱਜੀ ਪੱਤਰ ਪ੍ਰੇਰਕਰਾਏਕੋਟ, 10 ਜਨਵਰੀਸ਼ੁੱਕਰਵਾਰ ਤੜਕਸਾਰ ਸੰਘਣੀ ਧੁੰਦ ਦਾ ਲਾਹਾ ਲੈਂਦਿਆਂ ਅਣਪਛਾਤੇ ਵਿਅਕਤੀਆਂ ਨੇ ਲੁਧਿਆਣਾ ਰੋਡ ’ਤੇ ਸ਼ਹਿਰ ਦੀ ਸੰਘਣੀ ਅਬਾਦੀ ਵਾਲੇ ਇਲਾਕੇ ਵਿੱਚ ਬੈਂਕ ਆਫ਼ ਇੰਡੀਆ ਦੀ ਰਾਏਕੋਟ ਸ਼ਾਖਾ ਨੂੰ ਨਿਸ਼ਾਨਾ ਬਣਾਇਆ, ਹਾਲਾਂਕਿ ਚੋਰ ਬੈਂਕ ਦੇ ਖ਼ਜ਼ਾਨੇ ਤੱਕ ਪਹੁੰਚਣ ’ਚ ਨਾਕਾਮਯਾਬ ਰਹੇ। ਸ਼ਾਖਾ ਮੈਨੇਜਰ ਵਿਪਿਲ ਗੁਪਤਾ ਅਨੁਸਾਰ 9-10 ਜਨਵਰੀ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਬੈਂਕ ਦੀ ਪਿਛਲੀ ਕੰਧ ਨੂੰ ਪਾੜ ਲਾ ਕੇ ਅੰਦਰ ਦਰਵਾਜ਼ਾ ਤੋੜਿਆ ਤੇ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ 10 ਜਨਵਰੀ ਦੀ ਸਵੇਰ ਬੈਂਕ ਦੇ ਕਰਮਚਾਰੀ ਡਿਊਟੀ ’ਤੇ ਆਏ ਤਾਂ ਇਸ ਘਟਨਾ ਬਾਰੇ ਪਤਾ ਲੱਗਿਆ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਨੋਟ ਗਿਣਨ ਵਾਲੀ ਮਸ਼ੀਨ ਨੂੰ ਨੁਕਸਾਨ ਪਹੁੰਚਾਇਆ ਹੈ, ਪਰ ਉਹ ਨਕਦੀ ਚੋਰੀ ਕਰਨ ’ਚ ਕਾਮਯਾਬ ਨਹੀਂ ਹੋਏ।ਸ਼ਾਖਾ ਮੈਨੇਜਰ ਨੇ ਰਾਏਕੋਟ ਸ਼ਹਿਰੀ ਪੁਲੀਸ ਨੂੰ ਇਸ ਬਾਰੇ ਸੂਚਿਤ ਕੀਤਾ ਜਿਸ ਮਗਰੋਂ ਥਾਣਾ ਮੁਖੀ ਕਰਮਜੀਤ ਸਿੰਘ ਨੇ ਆਪਣੀ ਟੀਮ ਸਮੇਤ ਮੌਕਾ ਵਾਰਦਾਤ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਬੈਂਕ ਵਿੱਚ ਦਾਖਲ ਹੋਣ ਮਗਰੋਂ ਕੈਮਰਿਆਂ ਤੇ ਅਲਾਰਮ ਦੀ ਬਿਜਲੀ ਸਪਲਾਈ ਕੱਟ ਦਿੱਤੀ, ਜਿਸ ਕਾਰਨ ਚੋਰਾਂ ਦੀ ਗਿਣਤੀ ਅਤੇ ਬੈਂਕ ਵਿੱਚ ਉਨ੍ਹਾਂ ਦੀ ਕਾਰਗੁਜ਼ਾਰੀ ਬਾਰੇ ਕੋਈ ਸੁਰਾਗ ਹੱਥ ਨਹੀਂ ਲੱਗਾ ਹੈ। ਥਾਣਾ ਮੁਖੀ ਕਰਮਜੀਤ ਸਿੰਘ ਅਨੁਸਾਰ ਬੈਂਕ ਦੇ ਪਿਛਲੇ ਪਾਸੇ ਕਈ ਖਾਲੀ ਪਲਾਟ ਹਨ ਜਿਸ ਕਰਕੇ ਇਹ ਸੰਨ੍ਹ ਲਾਈ ਜਾ ਸਕੀ ਹੈ। ਉਨ੍ਹਾਂ ਕਿਹਾ ਕਿ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।