ਸਰਦਾਰ ਅੰਕਲ!...
ਜਸਵਿੰਦਰ ਸਿੰਘ
ਅਕਤੂਬਰ ਮਹੀਨੇ ਦੀ ਸ਼ੁਰੁਆਤ ਹੋ ਗਈ ਸੀ। ਹੁਣ ਮੌਸਮ ਹੌਲੀ-ਹੌਲੀ ਬਦਲਣ ਲੱਗ ਪਿਆ ਸੀ। ਸਰੀਰ ਥੋੜ੍ਹਾ ਆਲਸ ਜਿਹਾ ਮਹਿਸੂਸ ਕਰ ਰਿਹਾ ਸੀ। ਸੂਰਜ ਦੀਆਂ ਕਿਰਨਾਂ ਜਾਲੀ ਵਾਲੇ ਬੂਹੇ ਵਿਚੋਂ ਛਣ ਕੇ ਮੇਰੇ ਮੂੰਹ ’ਤੇ ਪੈ ਰਹੀਆਂ ਸਨ ਪਰ ਅੱਖਾਂ ਖੋਲ੍ਹਣ ਨੂੰ ਦਿਲ ਨਹੀਂ ਸੀ ਕਰ ਰਿਹਾ।
ਇੰਨੇ ਵਿਚ ਮੇਰੇ ਕੰਨਾਂ ਵਿਚ ਆਵਾਜ਼ ਪਈ, “ਸਰਦਾਰ ਅੰਕਲ! ਕੁਛ ਖਾਨੇ ਕੋ ਦੋ।”
ਇਸ ਆਵਾਜ਼ ਦੇ ਨਾਲ ਹੀ ਮੈਨੂੰ ਆਪਣੀ ਪਤਨੀ ਦੀ ਯਾਦ ਆ ਗਈ ਜੋ ਪਿਛਲੇ ਕਈ ਵਰ੍ਹਿਆਂ ਤੋਂ ਸਾਨੂੰ ਰਾਤ ਭਰ ਪਾਣੀ ਵਿੱਚ ਭਿਉਂਤੇ ਹੋਏ ਬਾਦਾਮ ਅਤੇ ਕੁਝ ਹੋਰ ਮੇਵੇ ਸਵੇਰ ਦੀ ਚਾਹ ਤੋਂ ਪਹਿਲਾਂ ਖਾਣ ਨੂੰ ਦਿੰਦੀ ਹੈ।...
... ਤੇ ਦੂਸਰੀ ਤਰਫ ਛੇ-ਸੱਤ ਵਰ੍ਹਿਆਂ ਦੇ ਇਹ ਨਿੱਕੇ-ਨਿੱਕੇ ਬੱਚੇ ਸਵੇਰ ਹੁੰਦਿਆਂ ਹੀ ਸਾਡੇ ਘਰ ਨੇੜਿਓਂ ਅਜਿਹੀਆਂ ਆਵਾਜ਼ਾਂ ਮਾਰ ਕੇ ਗੁਜ਼ਰਦੇ ਸਨ।
ਮੈਂ ਰੋਜ਼ ਇਨ੍ਹਾਂ ਨੂੰ ਆਪਣੀ ਦੂਸਰੀ ਮੰਜਿ਼ਲ ਤੋਂ ਦੇਖਦਾ ਸੀ... ਕਦੀ ਮੇਰੇ ਨਾਲ ਅੱਖ ਮਿਲ ਗਈ ਤਾਂ ਕੁਝ ਮੰਗ ਲੈਂਦੇ ਸੀ, ਨਹੀਂ ਤਾਂ ਮਿੱਟੀ ਵਿੱਚ ਹੇਠਾਂ ਡਿਗੀਆਂ ਸਿਗਰਟਾਂ ਦੇ ਟੁਕੜਿਆਂ ਨੂੰ ਮਾਚਿਸ ਨਾਲ ਜਲਾ ਕੇ ਕਸ਼ ਲੈਂਦੇ ਸਨ; ਸ਼ਾਇਦ ਰਾਤ ਦੀ ਰੋਟੀ ਤੋਂ ਬਾਅਦ 12-14 ਘੰਟੇ ਦੀ ਭੁੱਖ ਨੂੰ ਸਿਗਰਟ ਦੇ ਧੂੰਏਂ ਨਾਲ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਹੋਣ!... ਸੋਚਦਾ, ਇਹ ਕਿਸ ਤਰ੍ਹਾਂ ਦਾ ਜਿਊਣਾ ਹੈ ਭਲਾ!...
ਪੁੱਛਣ ’ਤੇ ਪਤਾ ਲੱਗਿਆ ਕਿ ਇਨ੍ਹਾਂ ਵਿਚੋਂ ਕੁਝ ਕੁ ਦੇ ਮਾਂ ਪਿਉ ਸਵੇਰ ਹੁੰਦਿਆਂ ਹੀ ਕੰਮ ’ਤੇ ਨਿਕਲ ਜਾਂਦੇ ਸਨ। ਕਿਸੀ ਦੇ ਮਾਂ ਬਾਪ, ਦੋਵੇਂ ਮੰਗਤੇ ਸਨ। ਕਿਸੇ ਦਾ ਪਿਤਾ ਮਰ ਚੁੱਕਿਆ ਸੀ ਤੇ ਮਾਂ ਕੰਮ ਕਰਨ ਚਲੀ ਜਾਂਦੀ ਸੀ। ਪਿੱਛੇ ਰਹਿ ਗਏ ਵਿਚਾਰੇ ਇਹ ਨਿੱਕੇ-ਨਿੱਕੇ ਬੱਚੇ ਪੇਟ ਭਰਨ ਲਈ ਮਿੱਟੀ ਵਿੱਚ ਪਈਆਂ ਸਿਗਰਟਾਂ ਜਲਾ ਕੇ ਧੂੰਏਂ ਨਾਲ ਆਪਣਾ ਪੇਟ ਭਰਦੇ ਸਨ... ਨਾ ਇਨ੍ਹਾਂ ਦੇ ਪੈਰਾਂ ਵਿਚ ਜੁੱਤੀ ਹੁੰਦੀ; ਨਾ ਤੇਲ ਕੰਘੀ, ਨਾ ਦੰਤ-ਮੰਜਨ...।
ਮਨ ਬੜਾ ਦੁਖੀ ਹੁੰਦਾ ਸੀ ਇਹ ਸਭ ਦੇਖ ਕੇ... ਸਾਡੇ ਬੱਚੇ ਇਸ ਸਮੇਂ ਸਕੂਲ ਵਰਦੀ ਵਿਚ ਆਪਣੇ ਮਾਂ ਪਿਉ ਦੀ ਉਂਗਲਾਂ ਫੜ ਕੇ ਸਕੂਲ ਬਸ ਚੜ੍ਹਨ ਲਈ ਭੱਜਦੇ ਨਜ਼ਰ ਆਉਂਦੇ ਹਨ!
“ਸਰਦਾਰ ਅੰਕਲ, ਕੁਛ ਖਾਨੇ ਕੋ ਦੋ।” ਮੇਰੇ ਖਿਆਲਾਂ ਦੀ ਲੜੀ ਨੂੰ ਇਕ ਵਾਰ ਫਿਰ ਉਨ੍ਹਾਂ ਬੱਚਿਆਂ ਦੀ ਤੇਜ਼ ਆਵਾਜ਼ ਨੇ ਠੱਲ੍ਹ ਪਾਈ।
ਮੈਂ ਛੇਤੀ-ਛੇਤੀ ਬਿਸਤਰ ਛੱਡਿਆ ਤੇ ਉਨ੍ਹਾਂ ਲਈ ਖਾਣ-ਪੀਣ ਦਾ ਸਮਾਨ ਪਲਾਸਟਿਕ ਦੀ ਟੋਕਰੀ ਵਿਚ ਪਾ ਕੇ ਉਨ੍ਹਾਂ ਬੱਚਿਆਂ ਨੂੰ ਦਿੱਤਾ। ਬੜੀ ਮਧਮ ਜਿਹੀ ਆਵਾਜ਼ ਵਿਚ ਸਾਡੇ ਘਰ ਦਾ ਕੰਮ ਕਰਨ ਵਾਲੀ ਨੇ ਕਿਹਾ, “ਭੈਯਾ ਇਨ ਬੱਚੋਂ ਕੀ ਆਦਤ ਬਨ ਜਾਏਗੀ... ਮਤ ਦੋ।”
... ਤੇ ਮੈਂ ਬੱਚਿਆਂ ਦੀ ਆਦਤ ਸੁਧਾਰਨ ਵਾਸਤੇ ਸੋਚਣ ਲੱਗਿਆ... ਫਿਰ ਕਿਸ ਦੀ ਜਿ਼ੰਮੇਵਾਰੀ ਹੈ ਇਨ੍ਹਾਂ ਬੱਚਿਆਂ ਦੀ? ਇਨ੍ਹਾਂ ਦੇ ਮਾਂ ਬਾਪ ਜਾਂ ਸਰਕਾਰਾਂ ਦੀ ਤੇ ਜਾਂ ਫਿਰ ਸਾਡੀ ਸਭ ਦੀ?...
ਸੰਪਰਕ: 98102-93016