ਖੇਤਰੀ ਪ੍ਰਤੀਨਿਧਲੁਧਿਆਣਾ, 6 ਦਸੰਬਰਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇਥੇ ਸ਼ਹੀਦ ਏ ਆਜ਼ਮ ਸੁਖਦੇਵ ਥਾਪਰ ਸਕੂਲ ਆਫ ਐਮੀਨੈਂਸ, ਭਾਰਤ ਨਗਰ ਲੁਧਿਆਣਾ ਨੂੰ ਅਪਗ੍ਰੇਡ ਕਰਨ ਦਾ ਨੀਂਹ ਪੱਥਰ ਰੱਖਿਆ। ਇਸ ’ਤੇ ਕਰੀਬ 17 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ, ਮਾਰਕਫੈੱਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਅਤੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੀ ਹਾਜ਼ਰ ਸਨ।ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਬੈਂਸ ਨੇ ਦੱਸਿਆ ਕਿ ਨਵੇਂ ਕੰਮਾਂ ਵਿੱਚ ਅਤਿ-ਆਧੁਨਿਕ ਇਨਡੋਰ ਸਪੋਰਟਸ ਸਹੂਲਤ, ਮਲਟੀਪਰਪਜ਼ ਹਾਲ, ਨਵੀਂ ਸਾਇੰਸ ਲੈਬਾਰਟਰੀਆਂ, ਵਾਧੂ ਕਲਾਸਰੂਮ, ਛੱਤ ਦੀ ਟਾਇਲਿੰਗ, ਨਵੇਂ ਦਰਵਾਜ਼ੇ ਅਤੇ ਖਿੜਕੀਆਂ, ਨਵੀਂਆਂ ਬਿਜਲੀ ਦੀਆਂ ਤਾਰਾਂ, ਸੀਵਰੇਜ ਸਿਸਟਮ, ਕਵਰਡ ਪਾਰਕਿੰਗ ਖੇਤਰ ਵਿਦਿਆਰਥੀਆਂ ਲਈ, ਮਿੱਡ-ਡੇਅ ਮੀਲ ਲਈ ਆਸਰਾ, ਬਾਥਰੂਮ, ਬਾਸਕਟਬਾਲ ਕੋਰਟ, ਜ਼ਮੀਨੀ ਮੰਜ਼ਿਲ ’ਤੇ ਪੁਰਾਣੇ ਹਾਲ ਨੂੰ ਢਾਹ ਕੇ ਸੱਤ ਨਵੀਆਂ ਜਮਾਤਾਂ ਦੀ ਉਸਾਰੀ ਸਮੇਤ ਬਾਥਰੂਮ, ਇੱਕ ਨਵਾਂ ਮੁੱਖ ਪ੍ਰਵੇਸ਼ ਗੇਟ, ਮਾਪਿਆਂ ਲਈ ਉਡੀਕ ਖੇਤਰ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਅਗਲੇ 11ਵੇਂ ਮਹੀਨੇ ਤੱਕ ਮੁਕੰਮਲ ਕਰਕੇ ਸਕੂਲ ਨੂੰ ਇੱਕ ਵਧੀਆ ਸੰਸਥਾ ਵਿੱਚ ਬਦਲ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨਡੋਰ ਸਪੋਰਟਸ ਕੰਪਲੈਕਸ ਦਾ ਨਾਂ ਸ੍ਰੀ ਗੁਰੂ ਤੇਗ ਬਹਾਦਰ ਸਿੰਘ ਦੇ ਸਨਮਾਨ ਵਿੱਚ ਰੱਖਿਆ ਜਾਵੇਗਾ।ਸਿੱਖਿਆ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਭਰ ਵਿੱਚ ਸਕੂਲ ਆਫ਼ ਐਮੀਨੈਂਸ ਸਥਾਪਿਤ ਕੀਤੇ ਜਾ ਰਹੇ ਹਨ। ਜਿਸ ਨਾਲ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਕਾਨਵੈਂਟ ਸਕੂਲਾਂ ਦੇ ਮੁਕਾਬਲੇ ਦੀਆਂ ਸਹੂਲਤਾਂ ਉਪਲਬਧ ਹੋਣ। ਉਨ੍ਹਾਂ ਦੱਸਿਆ ਕਿ ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਸਕੂਲ ਆਫ਼ ਐਮੀਨੈਂਸ, ਜੋ ਕਿ ਲੁਧਿਆਣਾ ਦੇ ਭਾਰਤ ਨਗਰ ਚੌਂਕ ਵਿਖੇ ਸਥਿਤ ਹੈ, ਸਭ ਤੋਂ ਮਾਣਮੱਤੇ ਸਿੱਖਿਆ ਸੰਸਥਾਵਾਂ ਵਿੱਚੋਂ ਇੱਕ ਹੈ, ਜੋ ਇਸ ਸਮੇਂ ਲਗਭਗ 2000 ਵਿਦਿਆਰਥੀਆਂ ਨੂੰ ਸਿੱਖਿਆ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਲੁਧਿਆਣਾ ਸ਼ਹਿਰ ਦਾ ਦੂਸਰਾ ਸਕੂਲ ਆਫ਼ ਐਮੀਨੈਂਸ ਹੋਵੇਗਾ ਜਿਸ ਵਿੱਚ ਸਾਰੀਆਂ ਅਤਿ ਆਧੁਨਿਕ ਸਹੂਲਤਾਂ ਹੋਣਗੀਆਂ।