ਸਰਕਾਰ ਔਰੰਗਜ਼ੇਬ ਵਾਂਗ ਕਿਸਾਨਾਂ ’ਤੇ ਤਸ਼ੱਦਦ ਕਰਨ ਲੱਗੀ: ਡੱਲੇਵਾਲ
ਸਰਬਜੀਤ ਸਿੰਘ ਭੰੰਗੂ
ਪਟਿਆਲਾ, 5 ਮਈ
ਸੰਯੂਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਸਰਵਨ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ 19 ਤੇ 20 ਮਾਰਚ ਨੂੰ ਪੰਜਾਬ ਸਰਕਾਰ ਨੇ ਮੋਰਚਿਆਂ ਨੂੰ ਖਦੇੜਦੇ ਸਮੇਂ ਕਿਸਾਨਾਂ ਅਤੇ ਆਗੂਆਂ ’ਤੇ ਤਸ਼ੱਦਦ ਕੀਤਾ ਅਤੇ ਮੋਰਚਿਆਂ ਨੂੰ ਸਰਕਾਰ ਨੇ ਲੁੱਟਿਆ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਦੇ ਸਾਮਾਨ ਦੀ ਭਰਪਾਈ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ’ਤੇ ਕੀਤੇ ਜਬਰ ਵਿਰੁੱਧ 6 ਮਈ ਨੂੰ ਸ਼ੰਭੂ ਥਾਣੇ ਦਾ ਘਿਰਾਓ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਹੁਣ ਔਰੰਗਜ਼ੇਬ ਦੇ ਨਕਸ਼ੇ ਕਦਮਾਂ ’ਤੇ ਚਲਦਿਆਂ ਪੰਜਾਬ ਸਰਕਾਰ ਨੇ ਅੱਜ ਸਵੇਰੇ ਹੀ ਸੂਬੇ ਵਿੱਚ ਵੱਡੀ ਪੱਧਰ ’ਤੇ ਕਾਰਵਾਈ ਕਰਦਿਆਂ ਦੋਵਾਂ ਫੋਰਮਾਂ ਵਿੱਚ ਸ਼ਾਮਲ ਵੱਖ-ਵੱਖ ਜਥੇਬੰਦੀਆਂ ਦੇ ਸੂਬਾ, ਜ਼ਿਲ੍ਹਾ ਅਤੇ ਬਲਾਕ ਪ੍ਰਧਾਨਾਂ, ਇਥੋਂ ਤੱਕ ਕਿ ਇਕਾਈ ਪ੍ਰਧਾਨਾਂ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਵਿੱਚ ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਿਰਸਾ, ਹਰਸਲਿੰਦਰ ਸਿੰਘ ਕਿਸ਼ਨਗੜ੍ਹ, ਅੰਗਰੇਜ਼ ਸਿੰਘ ਬੂਟੇਵਾਲ, ਨੂੰ ਤਾਂ ਘਰਾਂ ਵਿੱਚ ਨਜ਼ਰਬੰਦ ਕੀਤਾ ਹੈ ਅਤੇ ਹੋਰਨਾਂ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਵੱਖ-ਵੱਖ ਥਾਣਿਆਂ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ 6 ਮਈ ਦਾ ਧਰਨਾ ਸਿਰਫ ਸ਼ੰਭੂ ਥਾਣੇ ਅੱਗੇ ਸੀ। ਸੜਕ ਜਾਂ ਰੇਲਵੇ ਲਾਈਨ ਰੋਕਣ ਦਾ ਕੋਈ ਪ੍ਰੋਗਰਾਮ ਨਹੀਂ ਸੀ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਦੇ ਕਿਸਾਨ ਪਿੰਡਾਂ ਵਿੱਚੋਂ ਨਿਕਲ ਕੇ ਸ਼ੰਭੂ ਥਾਣੇ ਵੱਲ ਨੂੰ ਰਵਾਨਾ ਹੋਣਗੇ ਅਤੇ ਜੇ ਰਸਤੇ ਵਿੱਚ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਰੋਕਿਆ ਜਾਂਦਾ ਹੈ ਤਾਂ ਉੱਥੇ ਹੀ ਪ੍ਰਦਰਸ਼ਨ ਕੀਤਾ ਜਾਵੇਗਾ।
