ਪੰਚਾਇਤੀ ਰਾਜ ਦੇ ਪੈਨਸ਼ਨਰਾਂ ਵੱਲੋਂ ਸੂਬਾ ਪੱਧਰੀ ਧਰਨਾ ਮੁਲਤਵੀ
ਐੱਸਏਐੱਸ ਨਗਰ(ਮੁਹਾਲੀ), 5 ਜੂਨ
ਪੰਚਾਇਤੀ ਰਾਜ ਪੈਨਸ਼ਨਰਜ਼ ਯੂਨੀਅਨ ਪੰਜਾਬ ਵੱਲੋਂ ਪੰਚਾਇਤ ਵਿਭਾਗ ਦੇ ਫੇਜ਼ 8 ਵਿਚਲੇ ਮੁੱਖ ਦਫ਼ਤਰ ਅੱਗੇ 10 ਜੂਨ ਨੂੰ ਦਿੱਤਾ ਜਾਣ ਵਾਲਾ ਸੂਬਾ ਪੱਧਰੀ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ। ਯੂਨੀਅਨ ਵੱਲੋਂ ਇਹ ਫ਼ੈਸਲਾ ਅੱਜ ਪੰਚਾਇਤ ਵਿਭਾਗ ਦੇ ਡਾਇਰੈਕਟਰ ਓਮਾ ਸ਼ੰਕਰ ਗੁਪਤਾ ਅਤੇ ਪੈਨਸ਼ਨ ਵਿੰਗ ਦੀ ਇੰਚਾਰਜ ਡਿਪਟੀ ਡਾਇਰੈਕਟਰ ਪ੍ਰਨੀਤ ਕੌਰ ਨਾਲ ਮੀਟਿੰਗ ਉਪਰੰਤ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਲਛਮਣ ਸਿੰਘ ਗਰੇਵਾਲ, ਜਨਰਲ ਸਕੱਤਰ ਗੁਰਮੀਤ ਸਿੰਘ ਭਾਂਖਰਪੁਰ, ਸਕੱਤਰ ਜਗੀਰ ਸਿੰਘ ਢਿੱਲੋਂ ਹੰਸਾਲਾ, ਦਿਆਲ ਸਿੰਘ ਫ਼ਤਹਿਗੜ੍ਹ ਸਾਹਿਬ, ਗੁਰਮੇਲ ਸਿੰਘ ਸਮਰਾਲਾ, ਪਰਮਜੀਤ ਸਿੰਘ, ਸਤਪਾਲ ਭਾਰਦਵਾਜ ਅਤੇ ਸੁਖਦੇਵ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਡਾਇਰੈਕਟਰ ਨੇ ਭਰੋਸਾ ਦਿੱਤਾ ਕਿ ਜੂਨ ਦੀ ਪੈਨਸ਼ਨ ਜਲਦੀ ਮਿਲ ਜਾਵੇਗੀ। ਉਨ੍ਹਾਂ ਛੇਵੇਂ ਤਨਖ਼ਾਹ ਕਮਿਸ਼ਨ ਦੇ ਜੁਲਾਈ 2021 ਤੋਂ ਪੈਨਸ਼ਨਰਾਂ ਨੂੰ ਮਿਲਣ ਵਾਲੀ ਸਾਰੀ ਬਕਾਇਆ ਰਾਸ਼ੀ ਦੇ ਬਿੱਲ 30 ਜੂਨ ਤੱਕ ਖ਼ਜ਼ਾਨੇ ਵਿੱਚ ਭੇਜਣ ਦਾ ਵਿਸ਼ਵਾਸ ਦਿਵਾਇਆ। ਇਸ ਦੇ ਨਾਲ ਹੀ ਉਨ੍ਹਾਂ ਦੂਜੇ ਵਿਭਾਗਾਂ ਦੀ ਤਰਜ਼ ’ਤੇ ਬੁਢਾਪਾ ਭੱਤਾ ਅਤੇ ਐੱਲਟੀਸੀ ਦੀ ਸਹੂਲਤ ਦਾ ਮਾਮਲਾ ਸਰਕਾਰ ਦੇ ਧਿਆਨ ਵਿੱਚ ਲਿਆਉਣ ਦੀ ਗੱਲ ਆਖੀ ਜਦਕਿ ਪੈਨਸ਼ਨਰਾਂ ਦੀ ਪੈਨਸ਼ਨ ਅਤੇ ਫੈਮਿਲੀ ਪੈਨਸ਼ਨ ਲਾਏ ਜਾਣ ਵਿੱਚ ਬੇਲੋੜੀ ਦੇਰੀ ਕਰਨ ਵਾਲਿਆਂ ਪ੍ਰਤੀ ਸਖ਼ਤ ਕਾਰਵਾਈ ਦਾ ਭਰੋਸਾ ਦਿਵਾਇਆ। ਯੂਨੀਅਨ ਆਗੂਆਂ ਨੇ ਕਿਹਾ ਕਿ ਡਾਇਰੈਕਟਰ ਦੇ ਇਨ੍ਹਾਂ ਭਰੋਸਿਆਂ ਮਗਰੋਂ 10 ਜੂਨ ਦਾ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ ਪਰ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਮੁੜ ਧਰਨਾ ਲਾਉਣ ਤੋਂ ਗੁਰੇਜ਼ ਨਹੀਂ ਕਰਨਗੇ।