ਸਮੱਸਿਆਵਾਂ ਹੱਲ ਕਰਵਾਉਣ ਲਈ ਨਗਰ ਨਿਗਮ ਖ਼ਿਲਾਫ਼ ਡਟੇ ਭਾਜਪਾ ਆਗੂ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 9 ਅਕਤੂਬਰ
ਸ਼ਹਿਰ ਵਿੱਚ ਫੈਲੀ ਬਿਮਾਰੀ ਅਤੇ ਹੋਰ ਸਮੱਸਿਆਵਾਂ ਨੂੰ ਲੈ ਕੇ ਭਾਜਪਾ ਵੱਲੋਂ ਇੱਥੇ ਨਗਰ ਨਿਗਮ ਦੇ ਦਫਤਰ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਸਰਕਾਰ ਅਤੇ ਨਗਰ ਨਿਗਮ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਆਖਿਆ ਕਿ ਸ਼ਹਿਰ ਵਿੱਚ ਡੇਂਗੂ, ਚਿਕਨਗੁਨੀਆ ਤੇ ਹੋਰ ਵਾਇਰਲ ਬੁਖਾਰ ਕਾਰਨ ਹਰ ਇੱਕ ਪਰਿਵਾਰ ਇਸ ਦੀ ਮਾਰ ਹੇਠ ਹੈ। ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਮਰੀਜ਼ਾਂ ਨਾਲ ਭਰੇ ਹੋਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਨਗਰ ਨਿਗਮ ਵੱਲੋਂ ਸਮੇਂ ਸਿਰ ਅਤੇ ਲੋੜ ਮੁਤਾਬਕ ਸ਼ਹਿਰ ਵਿੱਚ ਦਵਾਈ ਦਾ ਛਿੜਕਾਅ ਨਾ ਕੀਤੇ ਜਾਣ ਦੇ ਕਾਰਨ ਮੱਛਰ ਪੈਦਾ ਹੋਇਆ ਅਤੇ ਇਸ ਮੱਛਰ ਕਾਰਨ ਸ਼ਹਿਰ ਵਿੱਚ ਡੇਂਗੂ, ਚਿਕਨਗੁਨੀਆ ਤੇ ਹੋਰ ਵਾਇਰਲ ਬੁਖਾਰ ਫੈਲਿਆ ਹੈ। ਜੇਕਰ ਨਗਰ ਨਿਗਮ ਵੱਲੋਂ ਸਮੇਂ ਸਿਰ ਇਸ ਨੂੰ ਰੋਕਣ ਦੇ ਪ੍ਰਬੰਧ ਕੀਤੇ ਹੁੰਦੇ ਤਾਂ ਸ਼ਹਿਰ ਵਿੱਚ ਅਜਿਹੀ ਮਾੜੀ ਸਥਿਤੀ ਪੈਦਾ ਨਾ ਹੁੰਦੀ। ਉਨ੍ਹਾਂ ਦੋਸ਼ ਲਾਇਆ ਕਿ ਇਸ ਲਈ ਨਗਰ ਨਿਗਮ ਦੇ ਅਧਿਕਾਰੀ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸਫਾਈ ਵਿਵਸਥਾ, ਕੂੜੇ ਦੀ ਲਿਫਟਿੰਗ ਅਤੇ ਸੀਵਰੇਜ ਪ੍ਰਣਾਲੀ ਦਾ ਮਾੜਾ ਹਾਲ ਹੈ, ਜਿਸ ਕਾਰਨ ਸ਼ਹਿਰ ਵਿੱਚ ਕਈ ਥਾਵਾਂ ’ਤੇ ਲੋਕਾਂ ਵੱਲੋਂ ਰੋਸ ਵਿਖਾਵੇ ਤੇ ਧਰਨੇ ਦਿੱਤੇ ਜਾ ਰਹੇ ਹਨ ਪਰ ਇਸ ਦਾ ਕੋਈ ਹੱਲ ਨਹੀਂ ਨਿਕਲ ਰਿਹਾ। ਇਸ ਦੇ ਉਲਟ ਕੇਂਦਰ ਸਰਕਾਰ ਵੱਲੋਂ ਲੋਕ ਹਿੱਤ ਸਕੀਮਾਂ ਦੇ ਭੇਜੇ ਜਾ ਰਹੇ ਫੰਡਾਂ ਦੀ ਵੀ ਦੁਰਵਰਤੋਂ ਕੀਤੀ ਜਾ ਰਹੀ ਹੈ। ਇਸ ਮੌਕੇ ਭਾਜਪਾ ਵੱਲੋਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਕਮਿਸ਼ਨਰ ਨੇ ਆਗੂਆਂ ਨੂੰ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ।
ਰਾਮਤੀਰਥ ਸ਼ਰਾਈਨ ਬੋਰਡ ਨੂੰ ਭੰਗ ਕਰਨ ਦੀ ਮੰਗ ਨੂੰ ਲੈ ਧਰਨਾ; ਲੋਕ ਪ੍ਰੇਸ਼ਾਨ
ਅੰਮ੍ਰਿਤਸਰ (ਟ੍ਰਿਬਿਊਨ ਨਿਉੂਜ਼ ਸਰਵਿਸ): ਭਗਵਾਨ ਵਾਲਮੀਕਿ ਤੀਰਥ ਸਥਲ (ਰਾਮਤੀਰਥ) ਸ਼ਰਾਈਨ ਬੋਰਡ ਨੂੰ ਭੰਗ ਕਰਨ ਦੀ ਮੰਗ ਨੂੰ ਲੈ ਕੇ ਭਗਵਾਨ ਵਾਲਮੀਕਿ ਆਸ਼ਰਮ ਧੁੰਨਾ ਸਾਹਿਬ ਟਰੱਸਟ ਤੇ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਨੇ ਅੱਜ ਸੰਤ ਸਮਾਜ ਦੀ ਅਗਵਾਈ ਹੇਠ ਭੰਡਾਰੀ ਪੁਲ ’ਤੇ ਧਰਨਾ ਦਿੱਤਾ ਅਤੇ ਆਵਾਜਾਈ ਠੱਪ ਕਰ ਦਿੱਤੀ ਜਿਸ ਕਾਰਨ ਸੜਕਾਂ ’ਤੇ ਭਾਰੀ ਜਾਮ ਲੱਗ ਗਿਆ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਪ੍ਰੇਸ਼ਾਨ ਹੋਏ ਲੋਕਾਂ ਨੇ ਧਰਨਾਕਾਰੀਆਂ ਨਾਲ ਪ੍ਰਸ਼ਾਸਨ ਨੂੰ ਵੀ ਕੋਸਿਆ। ਸਥਾਨਕ ਭੰਡਾਰੀ ਪੁਲ ਨੂੰ ਸ਼ਹਿਰ ਦੀ ਜੀਵਨ ਰੇਖਾ ਮੰਨਿਆ ਜਾਂਦਾ ਹੈ ਜੋ ਪੁਰਾਣੇ ਚਾਰਦੀਵਾਰੀ ਵਾਲੇ ਸ਼ਹਿਰ ਨੂੰ ਸਵਿਲ ਲਾਈਨ ਖੇਤਰ ਨਾਲ ਜੋੜਦਾ ਹੈ। ਪ੍ਰਦਰਸ਼ਨਕਾਰੀਆ ਨੇ ਭੰਡਾਰੀ ਪੁਲ ਤੇ ਧਰਨਾ ਦੇਂਦਿਆ ਆ ਵਾਜਾਈ ਰੋਕ ਦਿਤੀ ਸੀ । ਇਸ ਕਾਰਨ ਐਲੀਵੇਟਿਡ ਰੋਡ, ਭੰਡਾਰੀ ਪੁਲ ਨੂੰ ਜਾਣ ਵਾਲੀਆਂ ਸੜਕਾਂ, ਹਾਲ ਗੇਟ ਚੌਕ ਨੇੜੇ, ਇਸਲਾਮਾਬਾਦ ਪੁਲ, ਰਿਗੋ ਪੁਲ ਅਤੇ ਸ਼ਹਿਰ ਦੇ ਹੋਰ ਹਿੱਸਿਆਂ ਵਿੱਚ ਆਵਾਜਾਈ ਠੱਪ ਹੋ ਗਈ। ਪ੍ਰਦਰਸ਼ਨਕਾਰੀਆਂ ਨੇ ਸਵੇਰੇ 10.30 ਵਜੇ ਭੰਡਾਰੀ ਪੁਲ ’ਤੇ ਆਵਾਜਾਈ ਠੱਪ ਕਰ ਦਿੱਤੀ , ਜੋ ਲਗਪਗ ਚਾਰ ਘੰਟੇ ਤੋਂ ਵੱਧ ਸਮੇਂ ਤੱਕ ਜਾਰੀ ਰਹੀ। ਲੋਕਾਂ ਨੇ ਕਿਹਾ ਕਿ ਆਪਣੀਆਂ ਮੰਗਾਂ ਲਈ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੈ। ਉਨ੍ਹਾਂ ਆਵਾਜਾਈ ਠੱਪ ਕਰਨ ਲਈ ਜਥੇਬੰਦੀਆਂ ਦੀ ਆਲੋਚਨਾ ਕੀਤੀ। ਇਸ ਮੌਕੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਪ੍ਰਦਰਸ਼ਨਕਾਰੀਆਂ ਕੋਲ ਪੁੱਜੇ ਤਾਂ ਬਾਅਦ ਵਿਚ ਆਵਾਜਾਈ ਰੋਕਾਂ ਨੂੰ ਹਟਾ ਦਿੱਤਾ ਗਿਆ। ਉਨ੍ਹਾਂ ਵਾਲਮੀਕਿ ਸੰਤ ਸਮਾਜ ਨੂੰ ਭਰੋਸਾ ਦਿਤਾ ਕਿ ਉਹ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਕੋਲ ਰੱਖਣਗੇ। ਇਸ ਮੌਕੇ ਵਿਧਾਇਕ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਧੁੰਨਾ ਸਾਹਿਬ ਟਰੱਸਟ ਦੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਨੇ ਕਿਹਾ ਕਿ ਜੇਕਰ ਸਰਕਾਰ ਨੇ 11 ਅਕਤੂਬਰ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।