ਸਮਾਣਾ: ਲੁੱਟ-ਖੋਹ ਕਰਨ ਵਾਲੇ ਗਰੋਹ ਦੇ ਪੰਜ ਮੈਂਬਰ ਕਾਬੂ
ਅਸ਼ਵਨੀ ਗਰਗ/ਸੁਭਾਸ਼ ਚੰਦਰ
ਸਮਾਣਾ, 26 ਦਸੰਬਰ
ਸਦਰ ਸਮਾਣਾ ਪੁਲੀਸ ਨੇ ਲੁੱਟ-ਖੋਹ ਕਰਨ ਵਾਲੇ ਗਰੋਹ ਦੇ ਪੰਜ ਮੈਂਬਰ ਕਾਬੂ ਕੀਤੇ ਹਨ। ਡੀਐੱਸਪੀ ਸਮਾਣਾ ਗੁਰਇਕਵਾਲ ਸਿੰਘ ਸਕੰਦ ਨੇ ਦੱਸਿਆ ਕਿ ਸਬ-ਇੰਸਪੈਕਟਰ ਅਵਤਾਰ ਸਿੰਘ ਐੱਸਐੱਚਓ ਸਦਰ ਸਮਾਣਾ ਸਮੇਤ ਮਵੀ ਚੌਕੀ ਇੰਚਾਰਜ ਬਲਕਾਰ ਸਿੰਘ ਨਿਰਮਾਣ ਟੀ ਪੁਆਇੰਟ ਰਾਜਗੜ੍ਹ ਸੋਦੇਂਵਾਲ ਮੌਜੂਦ ਸਨ। ਮੁਖਬਰ ਖਾਸ ਦੀ ਜਾਣਕਾਰੀ ਮੁਤਾਬਕ ਗੁਰਲਵਲੀਨ ਸਿੰਘ ਉਰਫ ਗੀਨ ਵਾਸੀ ਪਿੰਡ ਕਕਰਾਲਾ ਭਾਈਕਾ, ਲਵਜੀਤ ਸਿੰਘ ਉਰਫ ਲਵੀ ਉਰਫ ਘਨੱਈਆ, ਬਲਜਿੰਦਰ ਸਿੰਘ ਉਰਫ ਲਾਡੀ ਝਿੰਜਰ ਵਾਸੀ ਪਿੰਡ ਬੁਜਰਕ, ਪਵਨ ਸਿੰਘ ਵਾਸੀ ਪਿੰਡ ਕੁਲਾਰਾਂ ਅਤੇ ਮਨਪ੍ਰੀਤ ਸਿੰਘ ਉਰਫ ਮਣੀ ਵਾਸੀ ਪਿੰਡ ਕੁਲਾਰਾਂ ਪਿੰਡ ਗੁਰਦਿਆਲ ਪੁਰਾ ਨੇੜੇ ਬੀੜ ਵਿੱਚ ਬੈਠੇ ਬੈਂਕ ਲੁੱਟਣ ਜਾਂ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਆਪਸ ਵਿੱਚ ਸਲਾਹ ਮਸ਼ਵਰਾ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਇਤਲਾਹ ਪੱਕੀ ਹੋਣ ਕਰਕੇ ਗੁਰਲਵਲੀਨ ਸਿੰਘ ਉਰਫ ਗੀਨ, ਲਵਜੀਤ ਸਿੰਘ ਉਰਫ ਲਵੀ ਉਰਫ ਘਨੱਈਆ, ਬਲਜਿੰਦਰ ਸਿੰਘ ਉਰਫ ਲਾਡੀ ਝਿੰਜਰ, ਪਵਨ ਸਿੰਘ ਅਤੇ ਮਨਪ੍ਰੀਤ ਸਿੰਘ ਨੂੰ ਗੁਰਦਿਆਲ ਪੁਰਾ ਬੀੜ ’ਤੇ ਛਾਪਾ ਮਾਰਕੇ ਮੌਕੇ ਤੋਂ ਇੱਕ ਪਿਸਤੌਲ, ਦੇਸੀ ਕੱਟਾ 32 ਬੋਰ, 1 ਕਾਰਤੂਸ 32 ਬੋਰ ਅਤੇ ਮੋਟਰਸਾਈਕਲ, ਇੱਕ ਧਾਰ ਖੰਡਾ, ਦਾਤਰ ਖੰਡਾ ਤੇ ਧਾਰ ਬਰਾਮਦ ਕੀਤਾ ਹੈ। ਪੁਲੀਸ ਨੇ ਫੜੇ ਗਏ ਕਥਿਤ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕਰ ਲਿਆ।