ਨਿੱਜੀ ਪੱਤਰ ਪ੍ਰੇਰਕਨਵਾਂ ਸ਼ਹਿਰ, 9 ਜਨਵਰੀਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਸਮਾਜਿਕ ਤਬਦੀਲੀ ਲਈ ਰਾਜਨੀਤਿਕ ਤੌਰ ’ਤੇ ਜਾਗਣ ਦਾ ਹੋਕਾ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਰਾਜਨੀਤਿਕ ਤਾਕਤ ਅਸਲੀ ਹੱਥਾਂ ਵਿੱਚ ਨਹੀਂ ਆਉਂਦੀ ਉਦੋਂ ਤੱਕ ਲੋਕਾਂ ਦਾ ਆਪਣਾ ਰਾਜ ਨਹੀਂ ਆ ਸਕਦਾ। ਉਹ ਪਿੰਡ ਸਾਹਲੋਂ ਵਿੱਚ ਸਮਾਜਿਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਦੇ ਰਾਜ ਪ੍ਰਬੰਧ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ‘ਆਪ’ ਸਰਕਾਰ ਨੇ ਲੋਕਾਂ ਨੂੰ ਜ਼ਮੀਨੀ ਪੱਧਰ ਦੀਆਂ ਸੁੱਖ ਸਹੂਲਤਾਂ ਤੋਂ ਵਾਂਝੇ ਰੱਖਿਆ ਹੋਇਆ ਹੈ।ਬਸਪਾ ਪ੍ਰਧਾਨ ਨੇ ਦਾਅਵਾ ਕੀਤਾ ਕਿ ਪਾਰਟੀ ਨੂੰ ਮਜ਼ਬੂਤੀ ਲਈ ਬੂਥ ਪੱਧਰ ’ਤੇ ਵਿਉਂਤਬੰਦੀ ਕੀਤੀ ਜਾ ਰਹੀ ਹੈ ਅਤੇ ‘ਇਸ ਵਾਰ ਬਸਪਾ ਸਰਕਾਰ’ ਦੇ ਬੈਨਰ ਹੇਠ ਬਹੁਜਨਾਂ ਨੂੰ ਅਗਵਾਈ ਦੇਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਵੱਲੋਂ ਸਰਦੂਲਗੜ੍ਹ ਅਤੇ ਅਜੀਤ ਸਿੰਘ ਭੈਣੀ ਨੂੰ ਸੂਬਾਈ ਨੁਮਾਇੰਦਿਆਂ ਦੇਣ ਨਾਲ ਵਰਕਰਾਂ ਦਾ ਉਤਸ਼ਾਹ ਵਧਿਆ ਹੈ। ਉਨ੍ਹਾਂ ਕਿਹਾ ਕਿ ਅੱਜ ਕਿਸਾਨ ਆਪਣੀਆਂ ਮੰਗਾਂ ਲਈ ਸੜਕਾਂ ’ਤੇ ਸੰਘਰਸ਼ ਕਰ ਰਿਹਾ, ਮੁਲਾਜ਼ਮ ਵਰਗ ਹਾਕਮ ਧਿਰਾਂ ਦਾ ਘਿਰਾਓ ਕਰ ਰਿਹਾ ਹੈ ਅਤੇ ਨੌਜਵਾਨ ਵਰਗ ਰੁਜ਼ਗਾਰ ਦੀ ਭਾਲ ਵਿੱਚ ਧੱਕੇ ਖਾ ਰਿਹਾ ਹੈ। ਇਸ ਮੌਕੇ ਪਾਰਟੀ ਦੇ ਜਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਜਾਫਰਪੁਰ, ਪੰਚਾਇਤ ਸੰਮਤੀ ਬੰਗਾ ਦੇ ਸਾਬਕਾ ਚੇਅਰਮੈਨ ਇੰਜ. ਹਰਮੇਸ਼ ਵਿਰਦੀ, ਮਿਸ਼ਨਰੀ ਆਗੂ ਸਤਪਾਲ ਸਾਹਲੋਂ, ਸਰਪੰਚ ਹਰਮੇਸ਼ ਭਾਰਤੀ ਤੇ ਐੱਸਐੱਸ ਆਜ਼ਾਦ ਆਦਿ ਸ਼ਾਮਲ ਸਨ।