ਵਕੀਲ ’ਤੇ ਹਮਲੇ ਵਿਰੁੱਧ ਬਾਰ ਐਸੋਸੀਏਸ਼ਨ ਵੱਲੋਂ ਹੜਤਾਲ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 9 ਜਨਵਰੀ
ਅਮਲੋਹ ਵਿਖੇ ਬੀਤੇ ਦਿਨੀਂ ਸੀਨੀਅਰ ਵਕੀਲ ਹੱਸਣ ਸਿੰਘ ਉੱਪਰ ਹੋਏ ਹਮਲੇ ਦੇ ਰੋਸ ਵਿੱਚ ਅੱਜ ਪੰਜਾਬ ਭਰ ਵਿੱਚ ਵਕੀਲਾਂ ਵੱਲੋਂ ਹੜਤਾਲ ਕੀਤੀ ਗਈ। ਇਸੇ ਕੜੀ ਤਹਿਤ ਜ਼ਿਲ੍ਹਾ ਕਚਹਿਰੀ ਹੁਸ਼ਿਆਰਪੁਰ ਵਿੱਚ ਵੀ ਸਮੂਹ ਵਕੀਲਾਂ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਰਣਜੀਤ ਕੁਮਾਰ ਦੀ ਸਰਪ੍ਰਸਤੀ ਹੇਠ ਹੜਤਾਲ ਕਰ ਕੇ ਰੋਸ ਪ੍ਰਗਟਾਇਆ। ਐਡਵੋਕੇਟ ਰਣਜੀਤ ਕੁਮਾਰ ਨੇ ਕਿਹਾ ਕਿ ਪੰਜਾਬ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਤੇ ਗੈਰ ਸਮਾਜਿਕ ਤੱਤਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਥਾਣੇ, ਕਚਹਿਰੀਆਂ ਅਤੇ ਦਫ਼ਤਰਾਂ ਵਿੱਚ ਵੀ ਹਮਲੇ ਕਰ ਰਹੇ ਹਨ। ਕਚਹਿਰੀਆਂ ਵਿੱਚ ਵਕੀਲਾਂ ’ਤੇ ਹਮਲਿਆਂ ਦੀ ਵਾਰਦਾਤਾਂ ’ਚ ਵੀ ਕਾਫ਼ੀ ਵਾਧਾ ਹੋਇਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਤੇ ਵਕੀਲਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਜਨਰਲ ਸਕੱਤਰ ਰਜਨੀ ਨੰਦਾ, ਸਕੱਤਰ ਨਿਪੁੰਨ ਸ਼ਰਮਾ, ਖਜ਼ਾਨਚੀ ਰੋਮਨ ਸੱਭਰਵਾਲ, ਅੰਜੂ ਬਾਲਾ, ਸੁਰਿੰਦਰ ਸਿੰਘ, ਜਸਵਿੰਦਰ ਸਿੰਘ, ਸਾਬਕਾ ਪ੍ਰਧਾਨ ਵਰਿੰਦਰ ਕੁਮਾਰ ਮੇਨਨ, ਪਲਵਿੰਦਰ ਸਿੰਘ ਘੁੰਮਣ, ਆਰ.ਪੀ ਧੀਰ, ਕੁਲਦੀਪ ਸਿੰਘ, ਅਸ਼ੋਕ ਵਾਲੀਆ, ਏ.ਕੇ ਸੋਨੀ, ਕੇ.ਸੀ ਮਹਾਜਨ ਤੇ ਵਿਜੈ ਪ੍ਰਦੇਸੀ ਆਦਿ ਹਾਜ਼ਿਰ ਸਨ।