ਸਪਰਿੰਗ ਡੇਲ ਸਕੂਲ ਵਿੱਚ ਸਾਲਾਨਾ ਖੇਡਾਂ ਸਮਾਪਤ
ਸਪਰਿੰਗ ਡੇਲ ਪਬਲਿਕ ਸਕੂਲ ਦੀਆਂ ਸਾਲਾਨਾ ਖੇਡਾਂ ਦੇ ਆਖਰੀ ਦਿਨ ਅੱਜ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਕ੍ਰਿਮਿਕਾ ਇੰਡਸਟਰੀਜ਼ ਦੀ ਫਾਊਂਡਰ ਰਜਨੀ ਬੈਕਟਰ ਅਤੇ ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਮੁੱਖ ਮਹਿਮਾਨਾਂ ਵਜੋਂ ਤੇ ਡਾ. ਡੀਪੀਐਸ ਰੇਖੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੇ ਆਰੰਭ ਵਿੱਚ ਮੁੱਖ ਮਹਿਮਾਨਾਂ ਸਮੇਤ ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਡਾਇਰੈਕਟਰਾਂ ਮਨਦੀਪ ਵਾਲੀਆ, ਕਮਲਪ੍ਰੀਤ ਕੌਰ, ਅਕਾਦਮਿਕ ਸਲਾਹਕਾਰ ਸੰਦੀਪ ਰੇਖੀ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੂੰ ਐਨਸੀਸੀ ਕੈਡਿਆਂ ਅਤੇ ਸਕੂਲ ਦੇ ਰੋਇਲ ਬੈਂਡ ਦੀਆਂ ਧੁੰਨਾਂ ਹੇਠ ਸਟੇਡੀਅਮ ਵਿੱਚ ਲਿਆਂਦਾ ਗਿਆ।
ਖੇਡਾਂ ਦੇ ਆਖਰੀ ਦਿਨ ਦੇ ਸਮਾਗਮ ਦੀ ਸ਼ੁਰੂਆਤ ਧਾਰਮਿਕ ਰਸਮਾਂ ਤੋਂ ਬਾਅਦ ਵੱਖ ਵੱਖ ਸੂਬਿਆਂ ਦੇ ਨਾਚਾਂ ਰਾਹੀਂ ਕੀਤੀ ਗਈ। ਤਿੰਨ ਦਿਨ ਚੱਲੀਆਂ ਇਨ੍ਹਾਂ ਖੇਡਾਂ ਦੇ ਪਹਿਲੇ ਦਿਨ ਪ੍ਰੀ-ਪ੍ਰਾਇਮਰੀ ਵਿੰਗ, ਦੂਜੇ ਅਤੇ ਤੀਜੇ ਦਿਨ ਵੱਡੀਆਂ ਜਮਾਤਾਂ ਦੇ ਵੱਖ ਵੱਖ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ’ਚੋਂ ਗਤਕਾ ਅਤੇ ਕਰਾਟੇ, ਅੜਿੱਕਾ ਦੌੜ, ਸ਼ਾਟਪੁੱਟ ਅਤੇ ਹੋਰ ਮੁਕਾਬਲੇ ਸਾਰਿਆਂ ਲਈ ਖਿੱਚ ਦਾ ਕੇਂਦਰ ਰਹੇ। ਸਮਾਗਮ ਦੇ ਅਖੀਰ ਵਿੱਚ ਤਿੰਨ ਦਿਨ ਹੋਏ ਖੇਡ ਮੁਕਾਬਲਿਆਂ ਵਿੱਚੋਂ ਜੇਤੂ ਰਹਿਣ ਵਾਲੇ ਖਿਡਾਰੀਆਂ ਤੋਂ ਇਲਾਵਾ ਅਕਾਦਮਿਕ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫੀਆਂ, ਸਰਟੀਫਿਕੇਟਾਂ ਅਤੇ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਡਿਪਟੀ ਡਾਇਰੈਕਟਰ ਸੋਨੀਆ ਵਰਮਾ ਨੇ ਧੰਨਵਾਦੀ ਸ਼ਬਦ ਆਖੇ।