ਸੜਕ ਹਾਦਸੇ ਵਿੱਚ ਨੌਜਵਾਨ ਹਲਾਕ
ਨਵੀਂ ਦਿੱਲੀ, 11 ਮਈ
ਇੱਥੇ ਬਾਹਰੀ ਉੱਤਰੀ ਦਿੱਲੀ ਦੇ ਆਜ਼ਾਦਪੁਰ ਮੰਡੀ ਖੇਤਰ ਵਿੱਚ ਵਾਹਨ ਦੀ ਟੱਕਰ ਕਾਰਨ ਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਕੱਲ੍ਹ ਸਵੇਰੇ ਵਾਪਰੀ ਜਦੋਂ ਨੌਜਵਾਨ ਆਪਣੇ ਗੁਆਂਢੀ ਨਾਲ ਕੰਮ ’ਤੇ ਜਾ ਰਿਹਾ ਸੀ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਦਿਲੀਪ ਸ਼ਾਹ (36) ਵਜੋਂ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਦਸੇ ਬਾਰੇ ਜਾਣਕਾਰੀ ਸਵੇਰੇ 5.30 ਵਜੇ ਪੁਲੀਸ ਕੰਟਰੋਲ ਰੂਮ ਤੋਂ ਮਿਲੀ ਸੀ। ਪੁਲੀਸ ਟੀਮ ਤੁਰੰਤ ਮੌਕੇ ’ਤੇ ਪਹੁੰਚ ਗਈ। ਦਿਲੀਪ ਸ਼ਾਹ ਦੇ ਗੁਆਂਢੀ ਨੇ ਪੁਲੀਸ ਨੂੰ ਦੱਸਿਆ ਕਿ ਉਹ ਸਵੇਰੇ 5 ਵਜੇ ਆਪਣੀ ਸਾਈਕਲ ’ਤੇ ਆਜ਼ਾਦਪੁਰ ਮੰਡੀ ਜਾਣ ਲਈ ਨਿਕਲਿਆ ਸੀ ਅਤੇ ਜਿਸ ਤਰ੍ਹਾਂ ਹੀ ਉਹ ਸਵੇਰੇ 5.30 ਵਜੇ ਲਿਬਾਸਪੁਰ ਬੱਸ ਸਟੈਂਡ ਤੋਂ ਲੰਘਿਆ ਇੱਕ ਵਾਹਨ ਨੇ ਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਉਸ ਨੇ ਕਿਹਾ ਕਿ ਦਿਲੀਪ ਸੜਕ ’ਤੇ ਡਿੱਗ ਗਿਆ ਅਤੇ ਉਸ ਦੀ ਛਾਤੀ ’ਤੇ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਦਾ ਕਹਿਣਾ ਹੈ ਕਿ ਵਾਹਨ ਚਾਲਕ ਦੀ ਗ੍ਰਿਫ਼ਤਾਰੀ ਲਈ ਭਾਲ ਕੀਤੀ ਜਾ ਰਹੀ ਹੈ। -ਪੀਟੀਆਈ